June 24, 2026 6:56 pm

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮੋਹਾਲੀ ਪੁੱਜਾ

ਤਲਵੰਡੀ ਸਾਬੋ, 16 ਦਸੰਬਰ (ਰਣਜੀਤ ਸਿੰਘ ਰਾਜੂ)- ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਬੀਤੇ 32 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਸਮੱਰਥਨ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੱਕ ਕੱਢਿਆ ਜਾਣ ਵਾਲਾ ਮਾਰਚ ਅੱਜ ਸਵੇਰੇ ਤਖਤ ਸਾਹਿਬ ਤੋਂ ਰਵਾਨਾ ਹੋਇਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਕਈ ਦਰਜਨ ਗੱਡੀਆਂ ਦੇ ਕਾਫਲਿਆਂ ਸਮੇਤ ਰਵਾਨਾ ਹੋਏ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸਭ ਤੋਂ ਪਹਿਲਾਂ ਪੰਜ ਪਿਆਰਿਆਂ ਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਪਤਾ ਲੱਗਾ ਹੈ ਕਿ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਨਹੀਂ ਦਿੱਤੇ ਗਏ ਤੇ ਨਾ ਹੀ ਤਖਤ ਸਾਹਿਬ ਦੇ ਪ੍ਰਬੰਧਕ ਮਾਰਚ ਮੌਕੇ ਮੌਜੂਦ ਰਹੇ। ਪੰਜ ਪਿਆਰਿਆਂ ਨੂੰ ਸਿਰੋਪਾਓ ਮਾਰਚ ਵਿੱਚ ਮੌਜੂਦ ਧਾਰਮਿਕ ਸ਼ਖਸੀਅਤਾਂ ਵੱਲੋਂ ਭੇਂਟ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨਾਈਟਡ ਸਿੱਖ ਮੂਵਮੈਂਟ ਦੇ ਸਕੱਤਰ ਜਨਰਲ ਸ. ਗੁਰਦੀਪ ਸਿੰਘ ਨੇ ਕਿਹਾ ਕਿ ਕਈ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਵੀ ਸਿੱਖ ਕੌਮ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਬੋਲੀ ਹੋ ਚੁੱਕੀ ਸਰਕਾਰ ਦੇ ਕੰਨਾਂ ਤੱਕ ਆਵਾਜ ਪਹੁੰਚਾਉਣ ਲਈ ਸਿੱਖ ਸੰਗਤਾਂ ਵੱਲੋਂ ਲਗਾਤਾਰ ਮਾਰਚ ਆਯੋਜਿਤ ਕੀਤੇ ਜਾ ਰਹੇ ਹਨ।ਉੱਧਰ ਇਸ ਮੌਕੇ ਪੰਥਕ ਸੇਵਾ ਲਹਿਰ ਦੇ ਸੀਨੀਅਰ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਤੋਂ ਮੁਨਕਰ ਹੋ ਰਹੀ ਹੈ ਜੋ ਕਿ ਸ਼ਰਮਨਾਕ ਗੱਲ ਹੈ ਜਦੋਂਕਿ ਚਾਹੀਦਾ ਇਹ ਸੀ ਕਿ ਬਾਦਲ ਪਿਉ-ਪੁੱਤ ਇਸ ਅਤਿ ਨਾਜ਼ੁਕ ਮੁੱਦੇ ਬਾਰੇ ਸਿੱਖ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਇਸ ਮਸਲੇ ਦਾ ਕੋਈ ਠੋਸ ਹੱਲ ਕੱਢਦੇ।ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਸਰਕਾਰ ਵੱਲੋਂ ਜਾਰੀ ਨਹੀਂ ਕਰ ਦਿੱਤੇ ਜਾਂਦੇ। ਆਗੂਆਂ ਨੇ ਦੱਸਿਆ ਕਿ ਪੰਥਕ ਸੇਵਾ ਲਹਿਰ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਉਲੀਕੇ ਜਾਣ ਵਾਲੇ ਹਰ ਸੰਘਰਸ਼ ਵਿੱਚ ਹਰ ਪੱਖੋਂ ਮਦਦ ਲਈ ਵਚਨਵੱਧ ਹੈ। ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਵੱਡੇ ਜੱਥੇ ਸਮੇਤ ਇਸ ਮਾਰਚ ਵਿੱਚ ਸ਼ਾਮਿਲ ਹੋਏ। ਤਖਤ ਸਾਹਿਬ ਤੋਂ ਮਾਰਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਰਵਾਨਾ ਹੋਇਆ। ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਮਾਰਚ ਦੇ ਮੁੱਖ ਪ੍ਰਬੰਧਕਾਂ ‘ਚੋਂ ਬਾਬਾ ਕੁਲਦੀਪ ਸਿੰਘ ਸਹਿਣੇਵਾਲਾ, ਬਾਬਾ ਗੁਰਮੀਤ ਸਿੰਘ ਕੱਟੂ ਵਾਲੇ, ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਤੇ ਭਾਈ ਜਸਵਿੰਦਰ ਸਿੰਘ ਤਿਉਣਾ, ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਹਰਿਆਣਾ, ਬਾਬਾ ਬਲਜੀਤ ਸਿੰਘ ਬਠਿੰਡਾ ਸੰਪਰਦਾਇ ਭਿੰਡਰਾਂ,ਬਾਬਾ ਮਨਮੋਹਣ ਸਿੰਘ ਗੁੰਮਟਸਰ, ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ, ਭਾਈ ਸੁਖਵਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ,ਬਾਬਾ ਕਾਲਾ ਸਿੰਘ ਉਦਾਸੀ ਸੰਪਰਦਾਇ, ਬਾਬਾ ਪ੍ਰੀਤਮ ਸਿੰਘ ਲੰਗੇਆਣਾ, ਭਾਈ ਜਸਵਿੰਦਰ ਸਿੰਘ ਘੋਲੀਆ, ਭਾਈ ਬੇਅੰਤ ਸਿੰਘ ਗੁਰਦੁਆਰਾ ਮਸਤੂਆਣਾ ਸਾਹਿਬ, ਭਾਈ ਪਿੱਪਲ ਸਿੰਘ ਤਲਵੰਡੀ ਸਾਬੋ ਆਦਿ ਆਗੂ ਹਾਜ਼ਿਰ ਸਨ।

Send this to a friend