ਫਤਹਿਗੜ੍ਹ ਸਾਹਿਬ, 16 ਦਸੰਬਰ (ਪੀ. ਟੀ. ਬਿਊਰੋ)-‘ਪੰਜਾਬ ਬੀਜੇਪੀ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ ਵੱਲੋਂ ਪ੍ਰੈਸ ਨੂੰ ਇਹ ਬਿਆਨ ਦੇਣਾ ਕਿ ”ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਜਗਰਾਉਂ ਵਿਖੇ ਹੋ ਰਹੀ ਮੋਦੀ ਦੀ ਰੈਲੀ ਦਾ ਵਿਰੋਧ ਕਰਨਗੇ, ਸਾਡੀ ਪੁਲਿਸ ਉਹਨਾਂ ਨੂੰ ਕੁੱਟ-ਕੁੱਟ ਕੇ ਬੰਦੇ ਬਣਾ ਦੇਵੇਗੀ” ਸਮੁੱਚੀ ਸਿੱਖ ਕੌਮ ਦੀ ਤੋਹੀਨ ਕਰਨ ਅਤੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ ਹਨ । ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ”ਜਬੈ ਬਾਣਿ ਲਾਗਿਓ, ਤਬੈ ਰੋਸ਼ ਜਾਗਿਓ” ਦੇ ਮਹਾਂਵਾਕ ਅਨੁਸਾਰ ਸਿੱਖ ਕੌਮ ਕਦੀ ਵੀ ਵੱਡੇ ਤੋ ਵੱਡੇ ਅਤਿ ਮੁਸ਼ਕਿਲ ਤੋ ਮੁਸ਼ਕਿਲ ਵਾਲੇ ਇਮਤਿਹਾਨਾਂ ਵਿਚ ਕਦੀ ਨਹੀਂ ਘਬਰਾਉਦੀ । ਬਲਕਿ ਜ਼ਾਬਰਾਂ ਦੇ ਜ਼ਬਰ ਸਿੱਖ ਕੌਮ ਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਅਤੇ ਹੋਸਲੇ ਨਾਲ ਸੰਘਰਸ਼ ਕਰਨ ਦਾ ਰਾਹ ਪ੍ਰਦਾਨ ਕਰਦੇ ਹਨ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕਮਲ ਸ਼ਰਮਾਂ ਪ੍ਰਧਾਨ ਪੰਜਾਬ ਬੀਜੇਪੀ ਵੱਲੋਂ ਹਕੂਮਤੀ ਨਸ਼ੇ ਵਿਚ ਦਿੱਤੇ ਗਏ ਉਪਰੋਕਤ ਅਸੱਭਿਅਕ ਸ਼ਬਦਾਵਲੀ ਵਾਲੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜ਼ੀ ਨੂੰ ਅਤਿ ਸ਼ਰਮਨਾਕ ਅਤੇ ਤਹਿਜੀਬ ਸਲੀਕੇ ਤੋ ਰਹਿਤ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਮੁੱਚੀ ਬੀਜੇਪੀ ਅਤੇ ਬਾਦਲ ਦਲੀਏ ਜਿੰਨਾਂ ਵੀ ਜੋਰ-ਜ਼ਬਰ ਮਰਜੀ ਕਰ ਲੈਣ, ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਆਪਣੀ 21 ਦਸੰਬਰ ਦੀ ਬੱਦੋਵਾਲ (ਮੁੱਲਾਂਪੁਰ) ਵਿਖੇ ਰੱਖੀ ਗਈ ”ਮੋਦੀ ਅਤੇ ਫਿਰਕੂ ਭਜਾਓ ਰੈਲੀ” ਕਰਨ ਤੋਂ ਦੁਨੀਆਂ ਦੀ ਕੋਈ ਵੀ ਵੱਡੀ ਤੋ ਵੱਡੀ ਤਾਕਤ ਨਹੀਂ ਰੋਕ ਸਕੇਗੀ ਅਤੇ ਅਸੀਂ ਜਮਹੂਰੀਅਤ ਅਤੇ ਅਮਨਮਈ ਲੀਹਾਂ ਦਾ ਜੋਰਦਾਰ ਪੱਲ੍ਹਾ ਫੜ੍ਹਦੇ ਹੋਏ ਆਪਣੇ ਵਿਧਾਨਿਕ ਹੱਕ ਰੈਲੀ ਕਰਨ, ਵਿਚਾਰ ਪ੍ਰਗਟ ਕਰਨ ਨੂੰ ਹਰ ਕੀਮਤ ਤੇ 21 ਦਸੰਬਰ ਨੂੰ ਅਮਲ ਵਿਚ ਲਿਆਵਾਂਗੇ ਅਤੇ ਕਮਲ ਸ਼ਰਮਾਂ, ਮੋਦੀ ਵਰਗੇ ਫਿਰਕੂ ਜਾਂ ਉਹਨਾਂ ਦੇ ਜੀ ਹਜ਼ੂਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਸਿੱਖ ਕੌਮ ਨੂੰ ਆਪਣੇ ਇਸ ਮਿਸਨ ਨੂੰ ਪੂਰਨ ਕਰਨ ਤੋ ਕਤਈ ਨਹੀਂ ਰੋਕ ਸਕਣਗੇ।
ਸ. ਮਾਨ ਨੇ ਜਗਰਾਉਂ ਤਹਿਸੀਲ ਦੇ ਪਿੰਡ ਹਾਂਸ ਦੇ ਨਿਵਾਸੀ ਸ. ਗੁਰਪ੍ਰੀਤ ਸਿੰਘ ਗੁਰੀ ਵੱਲੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਇਤਿਹਾਸ ਨੂੰ ਇਕ ਵਾਰੀ ਫਿਰ ਪ੍ਰਤੱਖ ਕਰਦੇ ਹੋਏ ਬਿਨ੍ਹਾਂ ਕਿਸੇ ਗੈਰ ਕਾਨੂੰਨੀ ਹਥਿਆਰ ਆਦਿ ਤੋ ਮਾਇਕ ਰਾਹੀ ਸਿੱਖ ਕੌਮ ਦੀ ਅਵਾਜ਼ ਨੂੰ ਬੀਤੇ ਕੱਲ੍ਹ ਕਬੱਡੀ ਦੇ ਆਖਰੀ ਮੈਚ ਸਮੇਂ ਗਾਇਕਾ ਜਸਪਿੰਦਰ ਨਰੂਲਾ ਤੋ ਮਾਇਕ ਖੌਹ ਕੇ ਬੁਲੰਦ ਕਰਨ ਦੇ ਇਤਿਹਾਸਕ ਕਾਰਨਾਮੇ ਨੂੰ ਫਖ਼ਰ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਸਿੱਖ ਬੱਚਾ ਕਿਸੇ ਹੋਰ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦੇਣਾ ਚਾਹੁੰਦਾ ਤਾਂ ਉਹ ਵੀ ਦੇ ਸਕਦਾ ਸੀ। ਲੇਕਿਨ ਸਿੱਖ ਕੌਮ ਗੁਰੂ ਸਾਹਿਬਾਨ ਜੀ ਦੇ ਸਮੇਂ ਤੋ ਹੀ ਦਲੀਲ ਅਤੇ ਅਪੀਲ ਦੀ ਗੱਲ ਨੂੰ ਮਹੱਤਤਾ ਦਿੰਦੀ ਆਈ ਹੈ ਤੇ ਜ਼ਮਹੂਰੀਅਤ ਤਰੀਕੇ ਸਾਨੂੰ ਆਪਣੀ ਗੱਲ ਕਹਿਣ ਤੋ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਗੁਰਪ੍ਰੀਤ ਗੁਰੀ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਵੱਲ ਕਬੱਡੀ ਮੈਚ ਦੇ ਸਰਕਾਰੀ ਪ੍ਰਬੰਧਕਾਂ ਅਤੇ ਹਾਜ਼ਰੀਨ ਸੰਗਤਾਂ ਦਾ ਧਿਆਨ ਖਿੱਚਣ ਹਿੱਤ ਅਤੇ ਸਿੱਖ ਕੌਮ ਦੀ ਜ਼ਾਇਜ ਮੰਗ ਅਮਨਮਈ ਤਰੀਕੇ ਉਠਾਈ ਹੈ। ਸਾਨੂੰ ਪਤਾ ਲੱਗਾ ਹੈ ਕਿ ਸੀ.ਆਈ.ਏ. ਸਟਾਫ ਲੁਧਿਆਣਾ ਉਸ ਨੂੰ ਗੈਰ ਕਾਨੂੰਨੀ ਤਰੀਕੇ ਰੱਖਕੇ ਤਸੱਦਦ ਜੁਲਮ ਢਾਹ ਰਿਹਾ ਹੈ, ਜੋ ਕਿ ਸਿੱਖਾਂ ਵੱਲੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਅਵਾਜ ਉਠਾਉਣ ਨੂੰ ਬੰਦ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਕਾਕਾ ਗੁਰਪ੍ਰੀਤ ਸਿੰਘ ਗੁਰੀ ਨੂੰ ਫੋਰਨ ਰਿਹਾਅ ਕਰੇ ਅਤੇ ਉਸ ਉਤੇ ਜ਼ਬਰ-ਜੁਲਮ ਢਾਹੁਣਾ ਬੰਦ ਕੀਤਾ ਜਾਵੇ। ਵਰਨਾ ਖ਼ਾਲਸਾ ਪੰਥ ਨੂੰ ਭਾਈ ਗੁਰਬਖ਼ਸ ਸਿੰਘ ਦੇ ਕੌਮੀ ਮਿਸਨ ਦੇ ਨਾਲ-ਨਾਲ ਇਸ ਨੌਜ਼ਵਾਨ ਦੀ ਰਿਹਾਈ ਲਈ ਵੀ ਐਕਸਨ ਪ੍ਰੋਗਰਾਮ ਉਲੀਕਣਾ ਪਾਵੇਗਾ । ਜਿਸਦੇ ਨਤੀਜਿਆ ਲਈ ਲੁਧਿਆਣਾ ਪੁਲਿਸ, ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 17 ਦਸੰਬਰ ਨੂੰ ਜ਼ਿਲ੍ਹਾਂ ਹੈੱਡਕੁਆਰਟਰਾਂ ਉਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ 21 ਦਸੰਬਰ ਨੂੰ ਬੱਦੋਵਾਲ (ਮੁੱਲਾਂਪੁਰ) ਵਿਖੇ ਪੰਥਕ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਰੈਲੀ ਦੀ ਸਰਕਾਰ ਵੱਲੋਂ ਇਜ਼ਾਜਤ ਨਾ ਦੇਣ ਵਿਰੁੱਧ ਸਵੇਰੇ 11:00 ਵਜੇ ਤੋ ਲੈਕੇ 4:00 ਵਜੇ ਤੱਕ ਜ਼ਬਰਦਸਤ ਰੋਸ ਧਰਨੇ ਦਿੱਤੇ ਜਾਣਗੇ, ਜਿਸ ਵਿਚ ਸਮੂਹ ਖ਼ਾਲਸਾ ਪੰਥ ਨੂੰ ਸਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।