ਤਲਵੰਡੀ ਸਾਬੋ, 23 ਸਤੰਬਰ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨ ਪਏ ਭਾਰੀ ਮੀਂਹ ਨਾਲ ਹਲਕਾ ਤਲਵੰਡੀ ਸਾਬੋ ਦੀ ਹਰਿਆਣਾ ਨਾਲ ਲੱਗਦੀ ਹੱਦ ਤੇ ਪੈਂਦੇ ਪਿੰਡਾਂ ਦੀ ਸੈਂਕੜੇ ਏਕੜ ਨਰਮੇ ਦੀ ਫਸਲ ਖਰਾਬ ਹੋਣ ਉਪਰੰਤ ਮੁਅਵਜੇ ਲਈ ਪ੍ਰਸ਼ਾਸਨ ਦੇ ਦਰਾਂ ਤੇ ਫਰਿਆਦ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਖੜਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨ:ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੁਆਵਜਾ ਤਾਂ ਦੂਰ ਦੀ ਗੱਲ ਅਜੇ ਤੱਕ ਖਰਾਬ ਹੋਈਆਂ ਫਸਲਾਂ ਸਬੰਧੀ ਪ੍ਰਸ਼ਾਸਨ ਵੱਲੋਂ ਵਿਸ਼ੇਸ ਗਿਰਦਾਵਰੀ ਦੇ ਹੁਕਮ ਨਾ ਦੇਣਾ ਅਤਿ ਮੰਦਭਾਗਾ ਹੈ। ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਉਨਾਂ ਖੁਦ ਵੀ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਸੀ ਕਿ ਮਹਿਕਮਾ ਤੁਰੰਤ ਵਿਸ਼ੇਸ ਗਿਰਦਾਵਰੀ ਦੇ ਹੁਕਮ ਜਾਰੀ ਕਰਕੇ ਅੰਕੜੇ ਇਕੱਤਰ ਕਰੇ ਤੇ ਜਿਨਾਂ ਕਿਸਾਨਾਂ ਦੀ ਨਰਮੇ ਦੀ ਫਸਲ ਇਸ ਬਾਰਿਸ਼ ਨਾਲ ਖਰਾਬ ਹੋਈ ਹੈ ਉਨਾਂ ਨੂੰ ਅਕਾਲੀ ਭਾਜਪਾ ਸਰਕਾਰ ਦੀ ਤਰਜ ਤੇ ਮੁਆਵਜਾ ਦੇਣ ਦਾ ਪ੍ਰਬੰਧ ਕਰੇ ਪ੍ਰੰਤੂ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਸ਼ਾਇਦ ਅਜੇ ਸਰਕਾਰ ਵੱਲੋਂ ਕੋਈ ਹੁਕਮ ਨਹੀ ਮਿਲ ਰਹੇ ਜਿਸ ਕਾਰਣ ਉਹ ਗਿਰਦਾਵਰੀ ਤੋਂ ਪਾਸਾ ਵੱਟ ਰਹੇ ਹਨ।ਉਨਾਂ ਕਿਹਾ ਕਿ ਇੱਕ ਪਾਸੇ ਮੌਜੂਦਾ ਸਰਕਾਰ ਕਿਸਾਨ ਹਿਤੈਸ਼ੀ ਕਹਾਂਉਦੀ ਹੈ ਪ੍ਰੰਤੂ ਦੂਜੇ ਪਾਸੇ ਆਲਮ ਇਹ ਹੈ ਕਿ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਅੱਜ ਤੱਕ ਵੀ ਉਕਤ ਕਿਸਾਨਾਂ ਦੀ ਸਾਰ ਲੈਣ ਲਈ ਨਹੀ ਪੁੱਜਾ ਤੇ ਨਾਂ ਹੀ ਉਹ ਅਫਸਰਸ਼ਾਹੀ ਤੇ ਦਬਾਅ ਬਣਾ ਕੇ ਗਿਰਦਾਵਰੀ ਕਰਵਾਉਣ ਵਿੱਚ ਹੀ ਕਾਮਯਾਬ ਹੋਏ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਕਿਸਾਨਾਂ ਲਈ ਮੁਆਵਜੇ ਦੀ ਮੰਗ ਨੂੰ ਲੈ ਕੇ ਹਰ ਸੰਭਵ ਯਤਨ ਕਰ ਰਹੇ ਹਨ ਤੇ ਜਲਦੀ ਹੀ ਉਹ ਪੰਜਾਬ ਸਰਕਾਰ ਦੇ ਉਚ ਆਗੂਆਂ ਨਾਲ ਤੇ ਲੋੜ ਪੈਣ ਤੇ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲ ਕਰਨਗੇ ਤੇ ਕਿਸਾਨਾਂ ਦਾ ਪੱਖ ਉਨਾਂ ਅੱਗੇ ਰੱਖਣਗੇ।
ਮੁਆਵਜਾ ਤਾਂ ਦੂਰ ਅਜੇ ਤੱਕ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਜਾਰੀ ਨਾ ਕਰਨਾ ਮੰਦਭਾਗਾ : ਸਾਬਕਾ ਵਿਧਾਇਕ ਸਿੱਧੂ



