June 23, 2026 9:22 pm

ਅੰਮ੍ਰਿਤਸਰ ਅਕਾਲੀ ਦਲ ਮੋਦੀ ਦੇ ਮੋਗਾ ਦੌਰੇ ਦਾ ਵਿਰੋਧ ਕਰੇਗਾ : ਮਾਨ

ਜਲੰਧਰ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਮੁੱਖ ਸਿੱਖ ਆਗੂ ਸ. ਸਿਮਰਨਜੀਤ ਸਿੰਘ ਮਾਨ ਨੇ ਆਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਘੱਟ ਗਿਣਤੀਆਂ ਦੇ ਕਾਤਿਲ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰਸ੍ਰੀ ਨਰਿੰਦਰ ਮੋਦੀ ਦੇ 21 ਦਸੰਬਰ ਨੂੰ ਮੋਗਾ ਦੌਰੇ ਦਾ ਤਿੱਖਾ ਵਿਰੋਧ ਕਰੇਗਾ। ਉਂਝ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਪਾਰਟੀ ਵੱਲੋਂ ਇਹ ਵਿਰੋਧ ਕਿਸ ਤਰ੍ਹਾਂ ਜਤਾਇਆ ਜਾਵੇਗਾ। ਸ. ਮਾਨ ਅੱਜ ਇੱਥੇ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
simranjit_singh_maan
ਸ. ਮਾਨ ਨੇ ਪਾਰਟੀ ਨੇਤਾਵਾਂ ਦੀ ਹਾਜ਼ਰੀ ਵਿੱਚ ਕਿਹਾ ਕਿ ਸ੍ਰੀ ਮੋਦੀ 2002 ਵਿੱਚ ਮੁਸਲਮਾਨਾ ਦੀ ਨਸਲਕੁਸ਼ੀ ਅਤੇ 60 ਹਜ਼ਾਰ ਸਿੱਖ ਕਿਸਾਨਾਂ ਦੇ ਉਜਾੜੇ ਲਈ ਜ਼ਿੰਮੇਵਾਰ ਹੈ ਇਸ ਲਈ ਉਸ ਦੀ ਕਿਸੇ ਵੀ ਤਰ੍ਹਾਂ ਹਮਾਇਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਸ ਗੱਲ ‘ਤੇ ਅਫ਼ਸੋਸ ਜਾਹਿਰ ਕੀਤਾ ਕਿ ਜਦੋਂ ਸਾਰੀਆਂ ਖੇਤਰੀ ਪਾਰਟੀਆਂ ਨੇ ਸ੍ਰੀ ਮੋਦੀ ਦੀ ਹਮਾਇਤ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਉਸ ਵੇਲੇ ਬਾਦਲ ਦਲ ਵੱਲੋਂ ਉਸ ਦੀ ਹਮਾਇਤ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣਨ ਪਿੱਛੋਂ ਦੇਸ਼ ਵਿੱਚ ਘੱਟ ਗਿਣਤੀਆਂ ਬਹੁਤ ਡਰੀਆਂ ਅਤੇ ਘਬਰਾਈਆਂ ਹੋਈਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਪ੍ਰਮਾਣੂ ਜੰਗ ਕਾਰਨ ਭਾਰੀ ਤਬਾਹੀ ਹੋਵੇਗੀ। ਉਨ੍ਹਾਂ ਮੁਤਾਬਿਕ ਮੋਦੀ ਚੀਨ ਅਤੇ ਪਾਕਿਸਤਾਨ ਨਾਲ ਜਿਸ ਤਰ੍ਹਾਂ ਜੰਗ ਲੜਨ ਦੀਆਂ ਗੱਲਾਂ ਕਰ ਰਿਹਾ ਹੈ ਉਸ ਕਾਰਨ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਮਨੁੱਖੀ ਵਸੋਂ ਲਈ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ। ਸ. ਮਾਨ ਨੇ ਮੋਦੀ ਦੇ ਹਮਾਇਤੀਆਂ ਵੱਲੋਂ ਕੀਤੇ ਜਾ ਰਹੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਗੁਜਰਾਤ ਵਿੱਚ ਵਿਕਾਸ ਕੀਤਾ ਹੈ। ਸ. ਮਾਨ ਨੇ ਕਿਹਾ ਕਿ ਮੋਦੀ ਦੀ ਚੋਣ ਦੇ ਮਾਮਲੇ ਵਿੱਚ ਵਿਕਾਸ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਮੁਤਾਬਿਕ ਹਰ ਡਿਕਟੇਟਰ ਵਿਕਾਸ ਕਰਦਾ ਹੈ, ਪਰ ਉਸ ਨੂੰ ਇਸ ਦੇ ਬਦਲੇ ਵਿੱਚ ਮਾਨਤਾ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਮੁਤਾਬਿਕ ਮਾਨਵਤਾ ਅਤੇ ਘੱਟ ਗਿਣਤੀਆਂ ਖਿਲਾਫ਼ ਜ਼ੁਲਮਾਂ ਦੇ ਗੁਨਾਹਗਾਰ ਨੂੰ ਸਿਰਫ਼ ਇਸ ਆਧਾਰ ‘ਤੇ ਹਮਾਇਤ ਨਹੀਂ ਦਿੱਤੀ ਜਾ ਸਕਦੀ ਕਿ ਉਸ ਨੇ ਕਿਸੇ ਖਾਸ ਖੇਤਰ ਵਿੱਚ ਵਿਕਾਸ ਕਰਵਾਇਆ ਹੈ। ਉਨ੍ਹਾਂ ਭਾਜਪਾ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਵਿਕਾਸ ਹੀ ਚੋਣ ਦਾ ਪੈਮਾਨੇ ਹੈ ਤਾਂ ਹਿਟਲਰ, ਮਸੋਲਨੀ, ਮਾਉ-ਜੇ-ਤੁੰਗ, ਲੈਲਿਨ ਅਤੇ ਇੰਦਰਾ ਗਾਂਧੀ ਨੂੰ ਵੀ ਦੇਸ਼ ਦੀ ਅਗਵਾਈ ਦਿੱਤੀ ਜਾ ਸਕਦੀ ਹੈ।
ਸ. ਮਾਨ ਨੇ ਭਾਰਤ ਸਰਕਾਰ ਵੱਲੋਂ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਨੂੰ ਸਿੱਖ ਨੇਤਾਵਾਂ ਦੀ ਸਰਗਰਮੀਆਂ ਬਾਰੇ ਜਾਂਚ ਲਈ ਯੂ.ਕੇ. ਭੇਜਣ ਦਾ ਤਿੱਖਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਯੂ.ਕੇ. ਦੀ ਬਾਦਸ਼ਾਹਤ ਵਿੱਚ ਦਖ਼ਲਅੰਦਾਜੀ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋ ਸਿੱਖ ਨੇਤਾਵਾਂ ਭਾਈ ਜੋਗਾ ਸਿੰਘ ਅਤੇ ਭਾਈ ਬਲਬੀਰ ਸਿੰਘ ਉੱਪਰ ਦਹਿਸ਼ਤਗਰਦੀ ਲਈ ਪੈਸੇ ਇਕੱਠੇ ਕਰਨ ਦੇ ਦੋਸ਼ ਲੱਗ ਰਹੇ ਹਨ, ਉਨ੍ਹਾਂ ਨੂੰ ਉਹ ਨਿੱਜੀ ਤੌਰ ‘ਤੇ ਜਾਣਗੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਆਗੂ ਯੂ.ਕੇ. ਵਿੱਚ ਰਜਿਸਟਰਡ ਚੈਰਟੀ ਰਾਹੀਂ ਉਥੋਂ ਦੇ ਕਾਨੂੰਨ ਮੁਤਾਬਿਕ ਫੰਡ ਇਕੱਠੇ ਕਰਕੇ ਭਾਰਤ ਸਰਕਾਰ ਦੀਆਂ ਫੌਜਾਂ ਅਤੇ ਪੁਲਿਸ ਵੱਲੋਂ ਮਾਰੇ ਗਏ ਨਿਰਦੋਸ਼ ਸਿੱਖਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਦੀ ਸਹਾਇਤਾ ਕਰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਲਾਈ ਦੇ ਅਜਿਹੇ ਕਾਰਜ ਕਰ ਰਹੇ ਸਿੱਖ ਨੇਤਾਵਾਂ ਨੂੰ ਬਦਨਾਮ ਕਰਨ ਲਈ ਹੀ ਭਾਰਤ ਸਰਕਾਰ ਉਥੇ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੂੰ ਭੇਜ ਰਹੀ ਹੈ।
ਸ. ਮਾਨ ਨੇ ਇਸ ਮੌਕੇ ‘ਤੇ ਪੰਜਾਬ ਵਿੱਚ ਸਿਆਸੀ ਨੇਤਾਵਾਂ ਅਤੇ ਅਫ਼ਸਰਾਂ ਦੀ ਸਰਪ੍ਰਸਤੀ ਹੇਠ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਦੇ ਕਾਰੋਬਾਰ ਉੱਪਰ ਡੂੰਘਾ ਅਫ਼ਸੋਸ ਜਾਹਿਰ ਕੀਤਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਵੱਡੀ ਗਿਣਤੀ ਵਿੱਚ ਨਸ਼ਿਆਂ ਦੀ ਵਿੱਕਰੀ ਅਤੇ ਆਮਦ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਬੀ.ਐੱਸ.ਐੱਫ਼., ਫੌਜ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਸ. ਮਾਨ ਨੇ ਦੋਸ਼ ਲਗਾਇਆ ਕਿ ਫਤਿਹਗੜ੍ਹ ਸਾਹਿਬ ਦੇ ਐੱਸ.ਐੱਸ.ਪੀ. ਸਿਆਸੀ ਦਬਾਅ ਹੇਠ ਬਦਲ ਕੇ ਪਟਿਆਲੇ ਭੇਜ ਦਿੱਤਾ ਗਿਆ ਕਿਉਂਕਿ ਉਸ ਨੇ ਨਸ਼ਿਆਂ ਦੇ ਇੱਕ ਵੱਡੇ ਸਮੱਗਲਰ ਨੂੰ ਹੱਥ ਪਾਇਆ ਸੀ। ਸਿਆਸੀ ਨੇਤਾਵਾਂ ਅਤੇ ਵੱਡੇ ਅਫ਼ਸਰਾਂ ਵੱਲੋਂ ਜ਼ਮੀਨਾਂ ਹੜੱਪਣ ਦੇ ਮਾਮਲਿਆਂ ਨੂੰ ਵੀ ਕਰੜਾਈ ਨਾਲ ਲੈਂਦਿਆਂ ਸ. ਮਾਨ ਨੇ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਮਾਨ ਦੇ ਨਿੱਜੀ ਸਹਾਇਕ ਭਾਈ ਗੁਰਜੰਟ ਸਿੰਘ ਕੱਟੂ, ਅਕਾਲੀ ਦਲ ਅੰਮ੍ਰਿਤਸਰ ਦੀ ਯੂ.ਕੇ. ਇਕਾਈ ਦੇ ਚੇਅਰਮੈਨ ਕੌਂਸਲਰ ਸ. ਗੁਰਦਿਆਲ ਸਿੰਘ ਅਟਵਾਲ (ਬਰਮਿੰਘਮ), ਜਥੇਦਾਰ ਰਜਿੰਦਰ ਸਿੰਘ ਫੌਜੀ ਮੈਂਬਰ ਕਾਰਜਕਾਰਨੀ, ਜ਼ਿਲ੍ਹਾ ਜਲੰਧਰ ਦੇ ਦਿਹਾਤੀ ਪ੍ਰਧਾਨ ਸੂਬੇਦਾਰ ਮੇਜਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ, ਸੁਲੱਖਣ ਸਿੰਘ ਸ਼ਾਹਕੋਟ, ਮਨਜੀਤ ਸਿੰਘ ਰੇਰੂ, ਅਵਤਾਰ ਸਿੰਘ ਖੱਖ, ਸੁਖਜੀਤ ਸਿੰਘ ਡਰੋਲੀ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਗੋਗਾ, ਚਰਨਜੀਤ ਸਿੰਘ ਚੰਨੀ ਆਦਿ ਹਾਜ਼ਰ ਸਨ।

Send this to a friend