June 23, 2026 9:21 pm

ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

ਫਾਜ਼ਿਲਕਾ, 11 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਗਰੀਬ ਵਰਗ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਦੀ ਸ਼ੁਰੂਆਤ ਫਾਜਿਲਕਾ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਕੀਤੀ ਗਈ। ਬੀਮਾ ਯੋਜਨਾ ਦਾ ਅਗਾਜ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਸ਼ਾਲ ਸਮਾਗਮ ਦੌਰਾਨ ਕੀਤਾ ਗਿਆ।
parksahsinghbadal
ਸਮਾਗਮ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਪੰਜਾਬ ਸ.ਪਰਕਾਸ਼ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨਾਲ ਗਰੀਬ ਵਰਗ ਨੂੰ ਮੁਫ਼ਤ ਇਲਾਜ ਸਬੰਧੀ ਭਾਰੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀ ਨੂੰ ਸਮਾਰਟ ਕਾਰਡ ਜਾਰੀ ਕੀਤਾ ਜਾਵੇਗਾ। ਜਿਸ ਉਪਰੰਤ ਪੂਰੇ ਪਰਿਵਾਰ ਨੂੰ ਪ੍ਰਤੀ ਸਾਲ 30 ਹਜਾਰ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਸ ਕੰਮ ਲਈ ਦੇਸ਼ ਦੀਆਂ ਨਾਮੀ ਬੀਮਾ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ। ਮੁਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਆਪਣੇ ਨਾਗਰਿਕਾਂ ਲਈ ਸਿਹਤ, ਸਿੱਖਿਆ ਤੇ ਹਰ ਖੇਤਰ ਵਿਚ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇ ਵਿਸਥਾਰ ਲਈ 350 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਖ਼ਾਤਮੇ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਮਰੀਜ਼ਾਂ ਲਈ ਸਸਤੇ ਇਲਾਜ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਦੀ ਸਥਾਪਨਾ ਕੀਤੀ ਗਈ ਹੈ। ਸ.ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਮੁੰਬਈ ਦੇ ਸਹਿਯੋਗ ਨਾਲ ਮੁੱਲਾਪੁਰ (ਲੁਧਿਆਣਾ) ਵਿਖੇ ਰਾਜ ਪੱਧਰੀ ਕੈਂਸਰ ਹਸਪਤਾਲ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜੋ ਕਿ 50 ਏਕੜ ਵਿਚ ਬਣੇਗਾ। ਉਨ੍ਹਾਂ ਕਿਹਾ ਕਿ ਇਸ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ 100 ਬੈਂਡ ਦਾ ਬਣ ਰਿਹਾ ਕੈਂਸਰ ਹਸਪਤਾਲ ਵੀ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ, ਜਿਸ ਵਿਚ ਕੈਂਸਰ ਦਾ ਅਤਿ ਆਧੁਨਿਕ ਤਰੀਕੇ ਅਤੇ ਮਸ਼ੀਨਾਂ ਨਾਲ ਇਲਾਜ ਹੋਵੇਗਾ। ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਗੁਆਂਢੀ ਮੁਲਕਾਂ ਤੋਂ ਹੋ ਰਹੀ ਤਸਕਰੀ ਲਈ ਵੀ ਕੇਂਦਰ ਦੀ ਕਮਜ਼ੋਰ ਸੁਰੱਖਿਆ ਜਿੰਮੇਵਾਰ ਹੈ, ਜਿਸ ਕਾਰਨ ਸਰਹੱਦ ਅਤੇ ਗੁਆਂਢੀ ਰਾਜਾਂ ਤੋਂ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਦੇਸ਼ ਦੇ ਨੌਜਵਾਨ ਤੇ ਆਮ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਸ.ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਵੰਡ ਲਈ ਕਾਂਗਰਸ ਪਾਰਟੀ ਜਿੰਮੇਵਾਰ ਹੈ ਅਤੇ ਇਸ ਦੇ ਆਪਣੀਆਂ ਰਾਜਨੀਤਕ ਖਾਹਿਸ਼ਾ ਨੂੰ ਪੂਰਾ ਕਰਨ ਲਈ ਦੇਸ਼ ਦੀ ਵੰਡ ਦੀ ਹਾਮੀ ਭਰੀ। ਉਨ੍ਹਾਂ ਕਿਹਾ ਕਿ ਕੇਂਦਰ ਹਮੇਸ਼ਾ ਸੂਬਿਆਂ ਤੇ ਖਾਸ ਕਰਕੇ ਪੰਜਾਬ ਨਾਲ ਗ੍ਰਾਂਟਾਂ ਤੇ ਹੋਰ ਮਾਮਲਿਆਂ ਵਿਚ ਵਿਤਕਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਦੇਸ਼ ਦੀ ਅਜ਼ਾਦੀ ਅਤੇ ਵਿਕਾਸ ਵਿਚ ਵੱਡਾ ਯੋਗਦਾਨ ਹੈ, ਪਰ ਇਸ ਦੇ ਬਾਵਜੂਦ ਕੇਂਦਰ ਦਰਿਆਈ ਪਾਣੀਆਂ ਅਤੇ ਟੈਕਸਾਂ ਦੀ ਵੰਡ ਵਿਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ ਅਤੇ ਅਜੇ ਤੱਕ ਇਸ ਨੂੰ  ਆਪਣੀ ਰਾਜਧਾਨੀ ਤੋਂ ਵੀ ਵਾਂਝਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਵਰਗ ਇਸ ਤੋਂ ਦੁੱਖੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਗਲਤ ਤੇ ਕਿਸਾਨ ਮਾਰੂ ਨੀਤੀਆਂ ਕਾਰਨ ਰਾਜ ਦੇ ਕਿਸਾਨਾਂ ਸਿਰ 32000 ਕਰੋੜ ਦਾ ਕਰਜ਼ਾ ਹੈ। ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਰਾਜ ਅਤੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਚੱਲਦਾ ਕਰਕੇ ਐਨ.ਡੀ.ਏ. ਦੀ ਸਰਕਾਰ ਸਥਾਪਤ ਕੀਤੀ ਜਾਵੇ। ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਰਾਜ ਦੇ ਹਰ ਵਿਧਾਨ ਸਭਾ ਹਲਕੇ ਵਿਚ ਸਰਬਪੱਖੀ ਵਿਕਾਸ ਲਈ 5-5 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਅਗਲੇ 2 ਸਾਲਾਂ ਵਿਚ ਰਾਜ ਦੇ ਹਰ ਪਿੰਡ ਸ਼ਹਿਰ ਤੇ ਕਸਬੇ ਵਿਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਮਾਗਮ ਨੂੰ ਸੰਬੋਧਨ ਕਰਦਿਆ ਉਪ ਮੁੱਖ ਮੰਤਰੀ  ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਉੱਨਾਂ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਹੈ: ਜੋ ਵਧੀਆਂ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗਰੀਬਾਂ, ਕਿਸਾਨਾਂ ਤੇ ਹਰ ਵਰਗ ਲਈ ਵਿਸ਼ੇਸ਼ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਮਹਿੰਗਾਈ ਵਿਚ ਅੰਤ ਦਾ ਵਾਧਾ ਕਰਕੇ ਆਮ ਆਦਮੀ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਉਨ੍ਹਾਂ ਕਿਹ ਕਿ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੀ ਬਾਂਹ ਫੜ ਕੇ ਉਨ੍ਹਾਂ ਲਈ ਆਟਾ-ਦਾਲ ਸਕੀਮ ਸ਼ੁਰੂ ਕੀਤੀ ਹੈ ਹੁਣ ਗਰੀਬ ਵਰਗ ਨੂੰ 1 ਰੁਪਏ ਕਿਲੋ ਆਟਾ ਦਿੱਤਾ ਜਾਵੇਗਾ।
ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ਤੇ ਪਛੜੇ ਵਰਗਾਂ, ਵਿਦਿਆਰਥੀਆਂ ਲਈ ਵੱਡੀਆਂ ਸਹੂਲਤਾਂ ਤੋਂ ਇਲਾਵਾ ਮਾਈ ਭਾਗੋ ਇਸਤਰੀ ਵਿਦਿਆ, ਪੈਨਸ਼ਨ, ਸ਼ਗਨ, ਡਾ.ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਆਦਿ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਇਨ੍ਹਾਂ ਵਰਗਾਂ ਦਾ ਜੀਵਨ ਪੱਧਰ ਉੱਚਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜ ਸਰਕਾਰ ਆਪਣੇ ਲੋਕਾਂ ਦੀ ਭਲਾਈ ਲਈ ਹੋਰ ਸਕੀਮਾਂ ਵੀ ਜਲਦੀ ਸ਼ੁਰੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਸਾਲਾਂ ਵਿਚ ਰਾਜ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਰਾਜ ਦੀਆਂ ਸੜਕਾਂ ਚੁੰਹ ਮਾਰਗੀ, ਛੇ ਮਾਰਗੀ ਕਰਨ ਤੇ 14 ਹਜਾਰ ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਆਉਦੇਂ ਇਕ ਮਹੀਨੇ ਵਿੱਚ ਪੰਜਾਬ ਬਿਜਲੀ ਦੇ ਖੇਤਰ ਵਿਚ ਸਰਪਲਸ ਰਾਜ ਬਣੇਗਾ। ਉਨ੍ਹਾਂ ਕਿਹਾ ਕਿਹ ਉਨ੍ਹਾਂ ਨੇ ਫਾਜਿਲਕਾ ਨੂੰ ਨਮੂਨੇ ਦਾ ਜ਼ਿਲ੍ਹਾ ਬਣਾਉਣ ਦਾ ਪ੍ਰਣ ਲਿਆ ਹੈ ਅਤੇ ਇਸ ਤੇ ਜੰਗੀ ਪੱਧਰ ਤੇ ਕੰਮ ਹੋ ਰਿਹਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਵਿਭਾਗ ਦੇ ਕੰਮਾਂ ਤੇ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ । ਉਨ੍ਹਾਂ ਇਸ ਸਕੀਮ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਆਪਣੀ ਟੀਮ ਨਾਲ ਸਿਹਤ ਵਿਭਾਗ ਵਿਚ ਵੱਡੀ ਪੱਧਰ ਤੇ ਸੁਧਾਰ ਕਰਨਗੇ। ਇਸ ਮੌਕੇ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਤੇ ਲੋਕ ਹਿੱਤ ਫੈਸਲਿਆਂ ਦੀ ਵਿਸਥਾਰ ਸਾਹਿਤ ਚਰਚਾ ਕੀਤੀ। ਸਮਾਗਮ ਨੂੰ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ, ਵਿਧਾਇਕ ਸ.ਗੁਰਤੇਜ ਸਿੰਘ ਘੁੜਿਆਨਾ ,ਪਿੰ੍ਰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਹੁਸਨ ਨਾਲ ਐਮ.ਡੀ.ਅ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ ਸ੍ਰੀ ਅਸ਼ੋਕ ਬਾਠ, ਸ੍ਰੀਮਤੀ ਵਿਜੈ ਲਕਸ਼ਮੀ ਭਾਦੂ ਚੇਅਰਮੈਨ ਸਮਾਜ ਭਲਾਈ ਬੋਰਡ ਪੰਜਾਬ, ਸ੍ਰੀ ਪ੍ਰੇਮ ਵਲੇਚਾ ਚੇਅਰਮੈਨ ਯੋਜਨਾ ਬੋਰਡ ਫਾਜਿਲਕਾ, ਸ੍ਰੀ ਸੰਜੀਵ ਗੋਦਾਰਾ, ਸ.ਕੌਰ ਸਿੰਘ ਮੈਂਬਰ ਐਸ.ਜੀ.ਪੀ.ਸੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜਰ ਸਨ।

Send this to a friend