June 24, 2026 11:30 pm

ਪਾਕਿਸਤਾਨ ਨੂੰ ‘ਸੰਦੇਹ ਦਾ ਲਾਭ’ ਦੇਣ ਲਈ ਭਾਰਤ ਤਿਆਰ : ਖੁਰਸ਼ੀਦ

ਸਿਡਨੀ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਭਾਰਤ ਆਪਣੇ ਇਤਿਹਾਸਕ ਵਿਰੋਧੀ ਪਾਕਿਸਤਾਨ ਨੂੰ ‘ਸੰਦੇਹ ਦਾ ਲਾਭ’ ਦੇਣ ਲਈ ਤਿਆਰ ਹੈ ਕਿਉਂਕਿ ਦੋਵੇਂ ਦੇਸ਼ ਸ਼ਾਂਤੀ ਦੀ ਬਹਾਲੀ ਚਾਹੁੰਦੇ ਹਨ। ਪ੍ਰਮਾਣੂ ਸਮਰੱਥਾ ਨਾਲ ਸੰਪੰਨ ਦੋਵੇਂ ਗੁਆਂਢੀ ਦੇਸ਼ ਆਜ਼ਾਦੀ ਦੇ ਬਾਅਦ ਤੋਂ ਹੀ ਕਸ਼ਮੀਰ ਉਪਰ ਆਪਣਾ ਦਾਅਵਾ ਕਰਦੇ ਆ ਰਹੇ ਹਨ। ਹਾਲੇ ਤੱਕ ਕਸ਼ਮੀਰ ਦੋਵਾਂ ਦੇਸ਼ਾਂ ਵਿਚ ਵੰਡਿਆ ਹੋਇਆ ਹੈ ਤੇ ਵੰਡੇ ਹੋਏ ਹਿੱਸਿਆਂ ‘ਤੇ ਦੋਵੇਂ ਦੇਸ਼ ਵੱਖ-ਵੱਖ ਸ਼ਾਸਨ ਕਰਦੇ ਹਨ। ਖੁਰਸ਼ੀਦ ਨੇ ਕਿਹਾ ਕਿ ਭਾਰਤ ਪਾਕਿਸਤਾਨੀ ਸੈਨਾ ‘ਤੇ ਇਹ ਦੋਸ਼ ਲਾਉਂਦਾ ਆ ਰਿਹਾ ਹੈ ਕਿ ਉਹ ਅੱਤਵਾਦੀਆਂ ਨੂੰ ਸਰਹੱਦ ‘ਤੇ ਘੁਸਪੈਠ ਕਰਵਾਉਣ ਲਈ ਗੋਲੀਬਾਰੀ ਕਰਦਾ ਹੈ ਤੇ ਉਹ ਅੱਤਵਾਦੀ ਭਾਰਤ ‘ਚ ਆ ਕੇ ਹਮਲੇ ਕਰਦੇ ਹਨ। ‘ਦ ਆਸਟ੍ਰੇਲੀਅਨ’ ਅਖ਼ਬਾਰ ਨੂੰ ਦਿੱਤੇ ਇਕ ਇੰਟਰਵਿਊ ‘ਚ ਖੁਰਸ਼ੀਦ ਨੇ ਦੋਵਾਂ ਦੇਸ਼ਾਂ ‘ਚ ਤਣਾਅ ਨੂੰ ਮੰਨਿਆ। ਹਾਲਾਂਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਪਿਛਲੇ ਮਹੀਨੇ ਭਾਰਤ ਨਾਲ ਸ਼ਾਂਤੀ ਬਹਾਲ ਕਰਨ ਲਈ ‘ਹੋਰ ਕੋਸ਼ਿਸ਼ਾਂ’ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ। ਇਸ ਬਾਰੇ ਖੁਰਸ਼ੀਦ ਨੇ ਕਿਹਾ ਕਿ ਭਾਰਤ ਉਨ੍ਹਾਂ ਦੀ ਗੱਲ ‘ਤੇ ਗ਼ੌਰ ਕਰੇਗਾ। ਅਖ਼ਬਾਰ ਨੇ ਖੁਰਸ਼ੀਦ ਦੇ ਹਵਾਲੇ ਨਾਲ ਲਿਖਿਆ ਕਿ ਪਾਕਿਸਤਾਨ ਦੇ ਸਾਹਮਣੇ ਆਪਣੇ ਹੀ ਦੇਸ਼ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਸਮੱਸਿਆਵਾਂ ਮੌਜੂਦ ਹਨ। ਇਸ ਲਈ ਸਾਡਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ ਤੇ ਇਹ ਸਮਾਂ ਅਸੀਂ ਆਪਣੀ ਕੀਮਤ ‘ਤੇ ਨਹੀਂ ਦੇਵਾਂਗੇ ਪਰ ਸਾਨੂੰ ਉਨ੍ਹਾਂ ਨੂੰ ‘ਸੰਦੇਹ ਦਾ ਲਾਭ’ ਦੇਣਾ ਚਾਹੀਦਾ ਹੈ।

Send this to a friend