ਤਲਵੰਡੀ ਸਾਬੋ, 17 ਸਤੰਬਰ (ਰਾਮ ਰੇਸ਼ਮ ਨਥੇਹਾ)-ਭਾਰਤੀ ਪੱਤਰਕਾਰ ਕੁਲਦੀਪ ਨਈਅਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸਨੂੰ ਕਿ ਹੁਣ ਅਦਾਲਤ ਨੇ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਹੈ ਦੀ ਤੁਲਨਾ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਕਰਕੇ ਨਾ ਬਖਸ਼ਣਯੋਗ ਗੁਨਾਹ ਕੀਤਾ ਹੈ। ਨਈਅਰ ਤੇ ਇਸ ਬਿਆਨ ਦੀ ਨਿਖੇਧੀ ਸਮੁੱਚੀ ਸਿੱਖ ਕੌਮ ਕਰ ਰਹੀ ਹੈ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਤੇ ਧਾਰੀ ਗਈ ਚੁੱਪੀ ਦੇ ਬੜੇ ਡੂੰਘੇ ਅਰਥ ਨਿੱਕਲਦੇ ਹਨ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਤੇ ਦੋਗਲਾਪਨ ਤਿਆਗਦਿਆਂ ਆਪਣੀ ਸਥਿਤੀ ਸ਼ਪੱਸ਼ਟ ਕਰਨੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਇੱਥੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਕੁਰਬਾਨੀ ਦਾ ਕੋਈ ਸਾਨ੍ਹੀ ਨਹੀਂ ਹੈ ਤੇ ਇਸੇ ਦੇ ਚਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਨਾਂ ਨੂੰ ਕੌਮ ਦਾ ਮਹਾਨ ਸ਼ਹੀਦ ਐਲਾਨਿਆ ਗਿਆ ਸੀ। ਹੁਣ ਜਦੋਂ ਕੁਲਦੀਪ ਨਈਅਰ ਵਰਗਾ ਪੱਤਰਕਾਰ ਉਕਤ ਮਹਾਨ ਸ਼ਹੀਦ ਦੀ ਤੁਲਨਾ ਇੱਕ ਅਜਿਹੇ ਅਖੌਤੀ ਬਾਬੇ ਨਾਲ ਕਰ ਰਿਹਾ ਹੈ ਜਿਸਤੇ ਬਲਾਤਕਾਰ ਅਤੇ ਹੋਰ ਕਈ ਤਰ੍ਹਾਂ ਦੇ ਸੰਗੀਨ ਦੋਸ਼ ਨਾ ਕੇਵਲ ਲੱਗੇ ਸਗੋਂ ਯੌਨ ਸ਼ੋਸਣ ਦੇ ਮਾਮਲੇ ਵਿੱਚ ਅਦਾਲਤ ਨੇ ਉਸਨੂੰ ਦੋਸ਼ੀ ਵੀ ਮੰਨਦਿਆਂ ਸਜਾ ਸੁਣਾ ਦਿੱਤੀ ਹੈ ਤਾਂ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ ਜਦੋਂਕਿ ਇਸ ਨਾਜੁਕ ਮਸਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜੇ ਤੱਕ ਇੱਕ ਵੀ ਆਗੂ ਕੁਝ ਨਹੀਂ ਬੋਲਿਆ ਜਦੋਂਕਿ ਸ਼੍ਰੋਮਣੀ ਕਮੇਟੀ ਇਸੇ ਨਈਅਰ ਨੂੰ ਪਿਛਲੇ ਸਮੇਂ ਵਿੱਚ ਐਵਾਰਡ ਦੇ ਕੇ ਸਨਮਾਨਿਤ ਕਰ ਚੁੱਕੀ ਹੈ। ਜਥੇਦਾਰ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਵਿਸ਼ੇਸ ਪਰਿਵਾਰ ਦੇ ਨਿਰਦੇਸ਼ਾਂ ‘ਤੇ ਚੱਲ ਕੇ ਸਿੱਖ ਵਿਰੋਧੀਆਂ ਦੇ ਹੱਕ ਵਿੱਚ ਭੁਗਤ ਰਹੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਾਉਂਦੀ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਕੁਲਦੀਪ ਨਈਅਰ ਤੋਂ ਉਸਨੂੰ ਪਿਛਲੇ ਸਮੇਂ ਵਿੱਚ ਦਿੱਤਾ ਐਵਾਰਡ ਵਾਪਸ ਲੈ ਕੇ ਸੰਤ ਭਿੰਡਰਾਂਵਾਲਿਆਂ ਦੇ ਹੱਕ ਵਿੱਚ ਖੜਨ ਦੀ ਜ਼ੁਰੱਅਤ ਦਿਖਾਉਣ।
ਕੁਲਦੀਪ ਨਈਅਰ ਦੇ ਮਾਮਲੇ ’ਤੇ ਦੋਗਲਾਪਨ ਤਿਆਗੇ ਸ਼੍ਰੋਮਣੀ ਕਮੇਟੀ : ਦਾਦੂਵਾਲ



