ਮੋਰਿੰਡਾ, 15 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਖਾਲਸਾ ਗਰਲ਼ਜ ਕਾਲਜ ਮੋਰਿੰਡਾ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਇੰਟਰ ਕਾਲਜ ਕਰਾਸ ਕੰਟਰੀ ਮੁਕਾਬਲਿਆਂ ’ਚ ਐਨ.ਸੀ.ਪੀ.ਈ. ਕਾਲਜ ਚੁੱਪਕੀ ਦੇ ਲੜਕੇ ਅਤੇ ਲੜਕੀਆਂ ਨੇ ਚੈਂਪੀਅਨਸ਼ਿੱਪ ’ਤੇ ਕਬਜ਼ਾ ਕੀਤਾ ਹੈ। ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਇੰਟਰ ਕਾਲਜ ਕਰਾਸ ਕੰਟਰੀ ਮੁਕਾਬਲਿਆਂ ’ਚ ਮੇਜਬਾਨ ਕਾਲਜ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਇੱਕ ਵੀ ਪੁਜੀਸ਼ਨ ਹਾਸਿਲ ਕਰਨ ’ਚ ਅਸਫ਼ਲ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਪ੍ਰੋਫੈਸਰ ਹਰਬੰਸ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਲਗਭੱਗ 39 ਕਾਲਜਾਂ ਦੇ ਦੋ ਸੌ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਲਈ ਡਾਕਟਰ ਜਸਵੀਰ ਸਿੰਘ, ਹਰਭਜਨ ਸਿੰਘ, ਧਰਮਿੰਦਰ ਸਿੰਘ ਅਥਲੈਟਿਕਸ ਕੋਚ ਪੰਜਾਬੀ ਯੁਨੀਵਰਸਿਟੀ ਪਟਿਆਲਾ ਬਤੌਰ ਓਬਜਰਬਰ ਸ਼ਾਮਿਲ ਹੋਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਲੜਕਿਆਂ ਦੇ ਮੁਕਾਬਲਿਆਂ ਵਿਚ ਵਿਚ ਐਨ.ਸੀ.ਪੀ.ਈ. ਕਾਲਜ ਚੁਪਕੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨਸ਼ਿੱਪ ਹਾਸਲ ਕੀਤੀ। ਜਦੋਂ ਕਿ ਏ.ਡੀ.ਸੀ. ਕਾਲਜ ਮਸਤੁਆਣਾ ਸਾਹਿਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਕਰਾਸ ਕੰਟਰੀ ਮੁਕਾਬਲੇ ਵਿਚ ਐਨ.ਸੀ.ਪੀ.ਈ. ਕਾਲਜ ਚੁਪਕੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨਸ਼ਿੱਪ ’ਤੇ ਕਬਜਾ ਕੀਤਾ ਹੈ। ਐਸ.ਆਰ.ਐਸ. ਸੀ.ਪੀ.ਈ. ਕਲਿਆਣ ਕਾਲਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਡੀ.ਬੀ.ਸੀ. ਕਾਲਜ ਧੂਰੀ ਨੇ ਤੀਸਰੇ ਸਥਾਨ ‘ਤੇ ਰਿਹਾ। ਇਨ੍ਹਾਂ ਅੰਤਰ ਕਾਲਜ ਕਰਾਸ ਕੰਟਰੀ ਮੁਕਾਬਲਿਆਂ ਵਿਚ ਵਿਅਕਤੀਗਤ ਤੌਰ ਪਰ ਚੁਪਕੀ ਕਾਲਜ ਦੇ ਵਿਸ਼ਸ਼ਨੂਵੀਰ ਸਿੰਘ, ਨੇ ਪਹਿਲਾ, ਇਸੇ ਤਰ੍ਹਾਂ ਇਸੇ ਕਾਲਜ ਦੇ ਰਕੇਸ਼ ਕੁਮਾਰ ਤੇ ਅਰੁਣ ਕਾਮਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਵਿਚ ਫਤਿਹ ਕਾਲਜ ਰਾਮਪੁਰਾਫੂਲ ਦੀ ਖਿਡਾਰਨ ਮਮਤਾ ਕੁਮਾਰੀ ਨੇ ਪਹਿਲਾ, ਕੇ ਐਮ. ਤੁਲਸੀ ਕਾਲਜ ਫਿਜੀਕਲ ਕਾਲਜ ਕਲਿਆਣ ਨੇ ਦੂਸਰਾ ਤੇ ਚੁਪਕੀ ਕਾਲਜ ਦੀ ਸੁਨੀਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਮੇਜਬਾਨ ਕਾਲਜ ਦੇ ਬੱਚਿਆਂ ਵੱਲੋਂ ਪਹਿਲੀਆਂ ਤਿੰਨ ਪੁਜੀਸ਼ਨਾਂ ’ਚੋਂ ਇੱਕ ਵੀ ਪੁਜ਼ੀਸ਼ਨ ਹਾਸਿਲ ਕਰਨ ’ਚ ਅਸਫ਼ਲ ਰਹਿਣ ਸਬੰਧੀ ਖੇਡ ਵਿਭਾਗ ਮੁੱਖੀ ਨੇ ਇਸਦਾ ਕਾਰਨ ਬੱਚਿਆਂ ਦਾ ਪਹਿਲਾ ਸਾਲ ਹੋਣਾ ਦੱਸਿਆ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਮੋਰਿੰਡਾ ਥਾਣਾ ਮੁਖੀ ਇੰਸਪੈਕਟਰ ਕੁਲਭੂਸ਼ਨ ਸ਼ਰਮਾ ਨੇ ਅਦਾ ਕੀਤੀ। ਇਸ ਮੌਕੇ ਸੂਬੇਦਾਰ ਕੇਸਰ ਸਿੰਘ ਦੁੱਮਣਾ, ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਸਿਟੀ ਇੰਚਾਰਜ ਮੋਰਿੰਡਾ, ਹੈਡਬਾਲ ਕੋਚ ਰਾਜੇਸ਼ ਕੁਮਾਰ ਸ਼ੰਮਾ, ਹੈਂਡਬਾਲ ਕੋਚ ਪਵਨ ਕੁਮਾਰ, ਕਬੱਡੀ ਕੋਚ ਗੁਰਮੀਤ ਸਿੰਘ, ਬਾਈ ਸੁਰਮੁਖ ਸਿੰਘ, ਕੌਂਸਲਰ ਜਗਪਾਲ ਸਿੰਘ ਜੌਲੀ, ਬਲਵੀਰ ਸਿੰਘ ਗਿੱਲ, ਸ. ਜਾਗੀਰ ਸਿੰਘ ਦੁਮਣਾ, ਮੇਜਰ ਹਰਜੀਤ ਸਿੰਘ ਕੰਗ, ਐਡਵੋਕੇਟ ਤਾਰਾ ਸਿੰਘ ਚਾਹਲ, ਕਾਲਜ ਕਬੱਡੀ ਕੋਚ ਮਨਪ੍ਰੀਤ ਕੌਰ ਬੁਢਲਾਡਾ, ਅਥਲੈਟਿਕ ਕੋਚ ਮਨਦੀਪ ਕੌਰ ਆਦਿ ਵੀ ਮੌਜੂਦ ਸਨ। ਅੰਤ ਵਿਚ ਕਾਲਜ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।
ਪੰਜਾਬੀ ਯੂਨੀਵਰਸਿਟੀ ਕਰਾਸ ਕੰਟਰੀ ਚੈਂਪੀਅਨਸ਼ਿੱਪ ’ਤੇ ਐਨ.ਸੀ.ਪੀ.ਈ. ਕਾਲਜ ਚੁੱਪਕੀ ਦਾ ਕਬਜ਼ਾ



