ਨਵੀਂ ਦਿੱਲੀ, 4 ਨਵੰਬਰ (ਵਿਸ਼ਵ ਵਾਰਤਾ) : ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨਬੀ ਆਜ਼ਾਦ ਵੱਲੋਂ ਦਵਾ ਮਾਨਕਾਂ ਉਪਰ ਕਿਤਾਬਚਾ ਅੱਜ ਨਵੀਂ ਦਿੱਲੀ ਵਿੱਚ ਜਾਰੀ ਕੀਤਾ। ਆਜ਼ਾਦ ਨੇ ਇਸ ਦੀ ਸਫਲਤਾ ਲਈ ਭਾਰਤੀ ਦਵਾ ਸ਼ਾਸਤਰ ਕਮਿਸ਼ਨ ਅਤੇ ਸਬੰਧਤ ਮਾਹਿਰਾਂ ਅਤੇ ਸੰਗਠਨਾ ਨੂੰ ਵਧਾਈ ਦਿੱਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਦਵਾ ਦੇ ਮਾਨਕਾਂ ਵਿੱਚ ਤੇਜ਼ੀ ਨਾਲ ਬਦਲਾਅ ਆਇਆ ਹੈ। ਇਸ ਲਈ ਸਾਰੇ ਸਬੰਧਤਾਂ ਵੱਲੋਂ ਨਵੇਂ ਪ੍ਰਕਾਸ਼ਨ ਲਿਆਉਣ ਦੀ ਲੋੜ ਮਹਿਸੂਸ ਕੀਤੀ ਗਈ ਸੀ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਪ੍ਰਕਾਸ਼ਨ ਭਾਰਤ ਦਵਾ ਸ਼ਾਸਤਰ ਕਮਿਸ਼ਨ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗਾ। ਇਸ ਵਿੱਚ 2,548 ਮੋਨੋਗ੍ਰਾਫ਼ ਹਨ ਜਿਨਾਂ੍ਹ ਵਿੱਚ 577 ਨਵੇਂ ਹਨ। ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਕੇ.ਐਲ. ਦੇਸੀਰਾਜੂ, ਸਿਹਤ ਖੋਜ ਵਿਭਾਗ ਦੇ ਸਕੱਤਰ ਡਾ. ਵੀ.ਅੇਮ. ਕਟੋਚ ਅਤੇ ਆਈ.ਸੀ.ਐਮ.ਆਰ.ਦੇ ਡਾਇਰੈਕਟਰ ਜਨਰਲ ਡਾ. ਨਾਤਾ ਮਿਨਾਬਦੇ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਅਤੇ ਹੋਰ ਮੰਨੀਆਂ ਪ੍ਰਮੰਨੀਆਂ ਸ਼ਖ਼ਸ਼ੀਅਤਾਂ ਮੌਜੂਦ ਸਨ।