ਸ਼੍ਰੋਮਣੀ ਅਕਾਲੀ ਦਲ ਇਕ ਲੋਕ ਅੰਦੋਲਨ ਸ਼ੁਰੂ ਕਰੇਗਾ ਅਤੇ ਕੋਰ ਕਮੇਟੀ ਇਸ ਅੰਦੋਲਨ ਦੀ ਰੂਪ ਰੇਖਾ ਬਾਰੇ 16 ਸਤੰਬਰ ਨੂੰ ਫੈਸਲਾ ਲਵੇਗੀ
ਚੰਡੀਗੜ੍ਹ/08 ਸਤੰਬਰ/ਸ਼੍ਰੋਮਣੀ ਅਕਾਲੀ ਦਲ ਨੇ ਅਜ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਮੁਕਰ ਕੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਚੋਣ ਵਾਅਦੇ ਪੂਰੇ ਕਰਵਾਉਣ ਲਈ ਅਕਾਲੀ ਦਲ ਵਲੋਂ ਜਲਦੀ ਹੀ ਇਕ ਲੋਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਨਵੀਂ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ ਸਮਾਂ ਦੇਵਾਂਗੇ। ਜਲਦੀ ਹੀ ਇਹ ਸਰਕਾਰ ਆਪਣੇ ਛੇ ਮਹੀਨੇ ਮੁਕੰਮਲ ਕਰਨ ਜਾ ਰਹੀ ਹੈ। ਇਸ ਛੇ ਮਹੀਨੇ ਦੇ ਕਾਰਜਕਾਲ ਨੂੰ ਜੇਕਰ ਇਕ ਫਿਕਰੇ ਵਿਚ ਦਸਣਾ ਹੋਵੇ ਤਾਂ ਇਸ ਸਾਰੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਝੂਠੀਆਂ ਉਮੀਦਾਂ ਅਤੇ ਝੂਠੇ ਸੁਫਨੇ ਵਿਖਾ ਕੇ ਸਿਰਫ ਉਹਨਾਂ ਨਾਲ ਧੋਖਾ ਅਤੇ ਵਿਸਵਾਸ਼ਘਾਤ ਕੀਤਾ ਹੈ। ਅਸੀਂ ਇਸ ਸਰਕਾਰ ਦੀ ਖਬਰ ਲਵਾਂਗੇ। ਸਾਡੀ ਕੋਰ ਕਮੇਟੀ 16 ਸਤੰਬਰ ਨੂੰ ਕਾਂਗਰਸ ਸਰਕਾਰ ਦੀ ਨਾ-ਮਾਤਰ ਕਾਰਗੁਜ਼ਾਰੀ ਖ਼ਿਲਾਫ ਲੋਕ ਅੰਦੋਲਨ ਵਿਢਣ ਦਾ ਫੈਸਲਾ ਕਰੇਗੀ। ਪਿਛਲੇ ਛੇ ਮਹੀਨਿਆਂ ਦੌਰਾਨ ਕਾਂਗਰਸ ਦੀਆਂ ਨਾਕਾਮੀਆਂ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਕੋਲੋਂ ਕਰਜ਼ਾ ਮੁਆਫੀ ਦੇ ਫਾਰਮ ਭਰਵਾ ਕੇ ਉਹਨਾਂ ਨੂੰ ਲ਼ਿਖਤੀ ਰੂਪ ਵਿਚ ਵਚਨਬਧਤਾ ਦਿਤੀ ਹੋਣ ਦੇ ਬਾਵਜੂਦ ਇਸ ਸਰਕਾਰ ਨੇ ਸੂਬੇ ਦੇ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਵਚਨਬਧਤਾ ਮੁਖ ਮੰਤਰੀ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵੀ ਦੁਹਰਾਈ ਸੀ। ਕਿਸਾਨ ਅਜੇ ਤੀਕ ਆਪਣੇ 90 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦਾ ਫਾਇਦਾ ਕਰਨਾ ਤਾਂ ਦੂਰ ਦੀ ਗਲ, ਸਰਕਾਰ ਨੇ ਉਲਟਾ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਕਰ ਵਿਚ ਵਾਧਾ ਕਰ ਦਿਤਾ ਹੈ, ਜਿਸ ਨਾਲ ਐਮਐਸਪੀ ਅਧੀਨ ਨਾ ਆਉਣ ਵਾਲੀਆਂ ਫਸਲਾਂ ਜਿਵੇਂ ਸਬਜ਼ੀਆਂ, ਨਰਮਾ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਲਖਾਂ ਕਿਸਾਨਾਂ ਉਤੇ ਬੋਝ ਪਵੇਗਾ। ਹੁਣ ਇਹਨਾਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਘਟ ਕੀਮਤ ਮਿਲੇਗੀ, ਕਿਉਂਕਿ ਪ੍ਰਾਈਵੇਟ ਵਪਾਰੀ ਇਹਨਾਂ ਟੈਕਸਾਂ ਨੂੰ ਫਸਲ ਦੀ ਕੀਮਤ ਵਿਚ ਜੋੜੇਗਾ।
ਕਿਸਾਨਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਉਤੇ ਚਾਨਣਾ ਪਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਕੁਰਕੀ ਅਜੇ ਵੀ ਚਲ ਰਹੀ ਹੈ, ਕਿਉਂਕਿ ਸਰਕਾਰ ਨੇ ਰੈਵਨਿਊ ਐਕਟ ਦੀ ਅਹਿਮ ਮਦ ਵਿਚ ਅਜੇ ਸੋਧ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ 200 ਤੋਂ ਵਧ ਕਿਸਾਨ ਖੁਦਕੁਸ਼ੀਆਂ ਕਰ ਚੁਕੇ ਹਨ, ਪਰ ਕਿਸੇ ਵੀ ਪੀੜਤ ਪਰਿਵਾਰ ਨੂੰ ਅਜੇ ਤੀਕ ਵਾਅਦੇ ਮੁਤਾਬਿਕ 10 ਲਖ ਰੁਪਏ ਜਾਂ ਸਰਕਾਰੀ ਨੌਕਰੀ ਨਹੀਂ ਦਿਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਿਸਾਨਾਂ ਦੇ ਖਰੀਦੇ ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਕਰਕੇ ਸੌੜੀ ਰਾਜਨੀਤੀ ਕਰ ਰਹੀ ਹੈ, ਕਿਉਂਕਿ ਇਥੇ ਜਲਦੀ ਹੀ ਚੋਣ ਹੋਣ ਜਾ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਜਿਸ ਅਨੁਸਾਰ ਪੰਜਾਬ ਵਿਚ 50 ਲਖ ਘਰਾਂ ਨੂੰ ਨੌਕਰੀ ਦੇਣ ਲਈ ਤਕਰੀਬਨ ਹਰ ਸਾਲ 10 ਲਖ ਨੌਕਰੀਆਂ ਦੇਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ ਹੁਣ ਛੇ ਮਹੀਨੇ ਲੰਘ ਚੁਕੇ ਹਨ। ਸਰਕਾਰ ਨੇ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੇ ਉਮਰ-ਲੰਘਾ ਚੁਕੇ ਪੋਤੇ ਨੂੰ ਡੀਐਸਪੀ ਦੀ ਨੌਕਰੀ ਦੇਣ ਤੋਂ ਇਲਾਵਾ ਅਜੇ ਤੀਕ ਪੰਜਾਬ ਦੇ ਕਿਸੇ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿਤੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਰੁਜ਼ਗਾਰ ਮੇਲੇ ਦੇ ਨਾਂ ਉਤੇ ਇਕ ਠਗੀ ਮਾਰੀ ਗਈ ਹੈ, ਜਿਸ ਵਿਚ ਸਰਕਾਰ ਨੇ ਤਕਨੀਕੀ ਕਾਲਜਾਂ ਦੁਆਰਾ ਸਾਲਾਨਾ ਕੀਤੀ ਜਾਂਦੀ ਨੌਕਰੀਆਂ ਦੀ ਭਰਤੀ ਨੂੰ ਆਪਣੇ ਲਈ ਢਾਲ ਬਣਾਇਆ ਹੈ। ਰੁਜ਼ਗਾਰ ਘੋਸ਼ਣਾਵਾਂ ਦੀ ਭਰੋਸੇਯੋਗਤਾ ਸਰਕਾਰ ਦੁਆਰਾ ਐਸੋਚੈਮ ਨਾਲ ਸਹੀਬੰਦ ਕੀਤੇ ਇਕ ਐਮਓਯੂ ਦੇ ਇਕ ਪੰਨੇ ਤੋਂ ਵੇਖੀ ਜਾ ਸਕਦੀ ਹੈ, ਜਿਹੜਾ ਮੀਡੀਆ ਲਈ ਜਾਰੀ ਕੀਤਾ ਗਿਆ ਸੀ। ਇਸ ਐਮਓਯੂ ਉਤੇ ਕੋਈ ਤਾਰੀਖ ਹੀ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭਤਾ ਦੇਣ ਤੋਂ ਵਾਅਦੇ ਤੋਂ ਵੀ ਭਜ ਗਈ ਹੈ। ਉਹਨਾਂ ਕਿਹਾ ਕਿ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਵਾਅਦੇ ਮੁਤਾਬਿਕ ਬੇਰੁਜ਼ਗਾਰੀ ਭਤਾ ਦੇਣ ਦੀ ਥਾਂ ਉਹਨਾਂ ਨੂੰ ਹੁਨਰ ਵਿਕਾਸ ਕੋਰਸ ਕਰਵਾਏ ਜਾਣਗੇ। ਇਹ ਕੋਰਸ ਤਾਂ ਪਹਿਲਾਂ ਹੀ ਇਕ ਕੇਂਦਰੀ ਸਕੀਮ ਤਹਿਤ ਕਰਵਾਏ ਜਾ ਰਹੇ ਹਨ। ਕਾਂਗਰਸ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਉਹ ਕਿਹਾ ਕਿ ਕੁਝ ਦਿਨਾਂ ਮਗਰੋਂ ਕਾਂਗਰਸ ਨੌਜਵਾਨਾਂ ਨੂੰ ਮੁਫਤ ਮੋਬਾਇਲ ਫੋਨ ਦੇਣ ਦੇ ਵਾਅਦੇ ਤੋਂ ਵੀ ਮੁਕਰ ਜਾਵੇਗੀ। ਖੁਲਾਸਾ ਕਰਦਿਆਂ ਕਿ ਕਿਸ ਤਰ੍ਹਾਂ ਕਾਂਗਰਸ ਸਰਕਾਰ ਨੇ ਕਮਜ਼ੋਰ ਵਰਗਾਂ ਨੂੰ ਨਿਰਾਸ਼ ਕੀਤਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸਮਾਜ ਭਲਾਈ ਸਕੀਮਾਂ ਤਹਿਤ ਜਨਵਰੀ ਤੋਂ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ ਹੈ। ਜਦੋਂ ਦੀ ਸਰਕਾਰ ਨੇ ਹਕੂਮਤ ਸੰਭਾਲੀ ਹੈ, ਸ਼ਗਨ ਸਕੀਮ ਇਕ ਵਾਰ ਵੀ ਨਹੀਂ ਵੰਡੀ ਗਈ ਹੈ। ਹੋਰ ਵੀ ਬਹੁਤ ਸਾਰੀਆਂ ਸਕੀਮਾਂ- ਕਿਸਾਨਾਂ ਦਾ ਸਿਹਤ ਬੀਮਾ, ਲੜਕੀਆਂ ਲਈ ਮੁਫਤ ਸਾਇਕਲ, ਅਨੁਸੂਚਿਤ ਜਾਤੀਆਂ ਨੂੰ ਘਰਾਂ ਲਈ 200 ਯੂਨਿਟ ਮੁਫਤ ਬਿਜਲੀ, ਐਸਸੀ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਮੁਖ ਮੰਤਰੀ ਤੀਰਥ ਯਾਤਰਾ-ਨੂੰ ਬੰਦ ਕਰ ਦਿਤਾ ਗਿਆ ਹੈ। ਕਾਂਗਰਸ ਚੋਣ ਮਨੋਰਥ ਪਤਰ ਵਿਚ ਕੀਤੇ ਵਾਅਦੇ ਮੁਤਾਬਿਕ ਕਮਜ਼ੋਰ ਵਰਗਾਂ ਨੂੰ ਵੀ ਚਾਹ ਪਤੀ, ਚੀਨੀ ਅਤੇ ਘਿਓ ਨਹੀਂ ਦਿਤਾ ਜਾ ਰਿਹਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਭ ਤੋਂ ਵਧ ਪਰੇਸ਼ਾਨ ਕਰਨ ਵਾਲੀ ਗਲ ਇਹ ਹੈ ਕਿ ਵਿਧਾਨ ਸਭਾ ਵਿਚ ਐਲਾਨੇ ਗਏ ਜਾਂ ਕੈਬਨਿਟ ਵਿਚ ਲਏ ਗਏ ਫੈਸਲਿਆਂ ਦੀ ਕੋਈ ਵੁਕਤ ਨਹੀਂ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਭਤਾ ਅਤੇ ਸਮਾਰਟ ਫੋਨ ਦੇਣ ਦਾ ਐਲਾਨ ਮੁਖ ਮੰਤਰੀ ਵਲੋਂ ਵਿਧਾਨ ਸਭਾ ਵਿਚ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁਖ ਮੰਤਰੀ ਨੇ ਅਸੰਬਲੀ ਵਿਚ ਐਲਾਨ ਕੀਤਾ ਸੀ ਕਿ ਮੌਜੂਦਾ ਅਤੇ ਨਵੇਂ ਉਦਯੋਗਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦਿਤੀ ਜਾਵੇਗੀ। ਇਹ ਸਾਰੀਆਂ ਘੋਸ਼ਣਾਵਾਂ ਨੂੰ ਅਜੇ ਲਾਗੂ ਕੀਤਾ ਜਾਣਾ ਬਾਕੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇਥੋਂ ਤਕ ਕਿ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਨੂੰ ਵੀ ਅਜੇ ਤੀਕ ਅਮਲ ਵਿਚ ਨਹੀਂ ਲਿਆਂਦਾ ਗਿਆ। ਨਾ ਤਾਂ ਇਸ ਅਕਾਦਮਿਕ ਸੈਸ਼ਨ ਤੋਂ ਕੁੜੀਆਂ ਨੂੰ ਪ੍ਰਾਇਮਰੀ ਤੋਂ ਲੈ ਕੇ ਪੀਐਚਡੀ ਤਕ ਮੁਫਤ ਸਿਖਿਆ ਦੇਣ ਦੇ ਕੈਬਨਿਟ ਦੇ ਫੈਸਲੇ ਨੂੰ ਅਮਲ ਵਿਚ ਲਿਆਂਦਾ ਗਿਆ ਹੈ ਅਤੇ ਨਾ ਹੀ ਨੌਜਵਾਨਾਂ ਲਈ 100 ਕਰੋੜ ਰੁਪਏ ਸਟਾਰਟ-ਅਪ ਫੰਡ ਅਜੇ ਤੀਕ ਜਾਰੀ ਕੀਤਾ ਗਿਆ ਹੈ, ਜਿਸ ਦਾ ਐਲਾਨ ਮੁਖ ਮੰਤਰੀ ਨੇ ਵਿਧਾਨ ਸਭਾ ਵਿਚ ਕੀਤਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਵਲੋਂ ਚੰਗਾ ਕੰਮ ਤਾਂ ਇਕ ਵੀ ਨਹੀਂ ਕੀਤਾ ਗਿਆ ਜਦਕਿ ਮਾੜੇ ਕੰਮਾਂ ਦੀ ਸੂਚੀ ਖਤਮ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਰਕਾਰ ਵਿਤੀ ਪ੍ਰਬੰਧ ਨੂੰ ਸੁਚਜੇ ਤਰੀਕੇ ਨਾਲ ਚਲਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਜਿਸ ਕਰਕੇ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਗਲ ਵਾਪਰੀ ਹੈ ਕਿ ਇਕ ਸਰਕਾਰ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਹੀ ਲਾਚਾਰ ਹੋ ਗਈ। ਉਹਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਰੋਕ ਦਿਤੇ ਗਏ ਹਨ। ਪਿੰਡਾਂ ਨੂੰ ਦਿਤੀਆਂ ਸਾਰੀਆਂ ਗਰਾਂਟਾਂ ਵਾਪਸ ਲੈ ਲਈਆਂ ਗਈਆਂ ਹਨ। ਇਥੋਂ ਤਕ ਕਿ ਕਸਬਿਆਂ ਵਿਚ ਸੀਵਰੇਜ ਦਾ ਚਲ ਰਿਹਾ ਕੰਮ ਵੀ ਰੁਕ ਗਿਆ ਹੈ।



