ਸੀ.ਟੀ.ਇੰਸਟੀਚਿਊਟ ਸ਼ਾਹਪੁਰ ’ਚ ਬਤੌਰ ਅਫ਼ਸਰ ਭਰਤੀ ਹੋਣ ਸਬੰਧੀ ਜਾਣਕਾਰੀ ਦੇਣ ਲਈ ਕਰਵਾਏ ਗਏ ਨਿਵੇਕਲੇ ਸੈਮੀਨਾਰ ’ਚ 1500 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਭਾਗ
ਜਲੰਧਰ -ਨੌਜਵਾਨ ਵਿਦਿਆਰਥੀਆਂ ਦਾ ਭਵਿੱਖ ਉਜੱਵਲ ਬਣਾਉਣ ਦੇ ਮੰਤਵ ਨਾਲ ਇੰਡੀਅਨ ਏਅਰ ਫੋਰਸ ਵਿੱਚ ਬਤੌਰ ਅਫ਼ਸਰ ਰੈਂਕ ਭਰਤੀ ਹੋਣ ਸਬੰਧਿਤ ਪ੍ਰੇਰਿਤ ਕਰਨ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਹਿਲੀ ਵਾਰ ਇੰਡੀਅਨ ਏਅਰ ਫੋਰਸ ਵਲੋਂ ਸੀ.ਟੀ.ਗਰੁੱਪ ਆਫ ਇੰਸਟੀਚਿਊਸ਼ਨ ਸ਼ਾਹਪੁਰ ਕੈਂਪਸ ਵਿਖੇ ਨਿਵੇਕਲਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ 1500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇੰਡੀਅਨ ਏਅਰ ਫੋਰਸ ਦੇ ਇਸ ਨਿਵੇਕਲੇ ਸੈਮੀਨਾਰ ਵਿੱਚ ਇੰਡੀਅਨ ਏਅਰ ਫੋਰਸ ਏਅਰ, ਹੈਡ ਕੁਆਰਟਰ ਨਵੀਂ ਦਿੱਲੀ ਤੋਂ ਉਚੇਚੇ ਤੌਰ ’ਤੇ ਵਿੰਗ ਕਮਾਂਡਰ ਸੰਗੀਤਾ ਕਟੈਥ, ਫਲਾਈਟ ਲੈਫਟੀਨੈਂਟ ਰਾਹੁਲ ਚੌਹਾਨ, ਫਲਾਈਟ ਲੈਫਟੀਨੈਂਟ ਵਿਕਾਸ ਸੀ ਅਤੇ ਫਲਾਈਂਗ ਅਫ਼ਸਰ ਉਦੈ ਕਿਰਨ ਵਲੋਂ ਅਪਣੀ ਟੀਮ ਸਮੇਤ ਇੰਡੀਅਨ ਪਬਲਿਸਿਟੀ ਐਗਜੀਬੀਸ਼ਨ ਵਹੀਕਲ-ਵੋਲਵੋ ਆਡੀਓ-ਵੀਜੂਅਲ ਐਡ ਰਾਹੀਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।
ਐਸ.ਡੀ.ਐਮ.ਜਲੰਧਰ -1 ਸ੍ਰੀ ਰਾਜੀਵ ਵਰਮਾ ਨੇ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਇੰਡੀਅਨ ਏਅਰ ਫੋਰਸ ਵਿੱਚ ਬਤੌਰ ਅਫ਼ਸਰ ਭਰਤੀ ਹੋ ਕੇ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇੰਡੀਅਨ ਏਅਰ ਫੋਰਸ ਵਲੋਂ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਉਜੱਵਲ ਬਣਾਉਣ ਦੇ ਮੰਤਵ ਨਾਲ ਕਰਵਾਇਆ ਜਾ ਰਿਹਾ ਹੈ ਇਹ ਸੈਮੀਨਾਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਭਰਪੂਰ ਜਾਣਕਾਰੀ ਪ੍ਰਾਪਤ ਕਰਕੇ ਇੰਡੀਅਨ ਏਅਰ ਫੋਰਸ ਵਿੱਚ ਬਤੌਰ ਅਫ਼ਸਰ ਭਰਤੀ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਏਅਰ ਫੋਰਸ ਅਧਿਕਾਰੀਆਂ ਪਾਸੋਂ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ। ਡਿਪਟੀ ਡਾਇਰੈਕਟਰ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਜਲੰਧਰ ਸ੍ਰੀਮਤੀ ਸੰਜੀਦਾ ਬੇਰੀ ਇੰਡੀਅਨ ਏਅਰ ਫੋਰਸ ਵਲੋਂ ਇਸ ਸੈਮੀਨਾਰ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੁੰ ਏਅਰ ਫੋਰਸ ਵਿੱਚ ਭਰਤੀ ਲਈ ਅਪਲਾਈ ਕਰਨ ਤੋਂ ਲੈ ਕੇ ਟਰੇਨਿੰਗ ਤੱਕ ਆਉਣ ਵਾਲੀਆਂ ਮੁਸ਼ਕਲਾਂ ਤੇ ਉਨਾਂ ਦੇ ਉਚਿੱਤ ਸਮਾਧਾਨ ,ਸਹੀ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਵਲੋਂ ਏਅਰ ਫੋਰਸ ਉਪਰਕਰਨਾਂ ਤੇ ਸਿਮੁਲੇਟਰ ਆਦਿ ਤੋਂ
ਦਿਲਚਸਪੀ ਨਾਲ ਜਾਣਕਾਰੀ ਹਾਸਿਤ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ 09 ਸਤੰਬਰ ਨੂੰ ਵੀ ਇੰਡੀਅਨ ਏਅਰ ਫੋਰਸ ਵਲੋਂ ਸੀ.ਟੀ.ਗਰੁੱਪ ਆਫ ਇੰਸਟੀਚਿਊਸ਼ਨ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ।



