ਕੰਨਿਆਂ ਹਾਈ ਸਕੂਲ ਬੋਹਾ ਤਿੰਨ ਫੁੱਟ ਬਰਸਾਤੀ ਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਡੁੱਬਿਆ

ਬੋਹਾ, 1 ਸਤੰਬਰ (ਸੰਤੋਖ ਸਾਗਰ)- ਬੋਹਾ ਸ਼ਹਿਰ ਅੰਦਰ ਸੀਵਰੇਜ ਸਿਸਟਮ ਪਾਉਣ ਦੇ ਨਾ ਤੇ ਪੁੱਟੀਆਂ ਗਲੀਆਂ ਅਤੇ ਪਾਣੀ ਦੀ ਨਿਕਾਸੀ ਸਬੰਧੀ ਪੁਖਤਾ ਪ੍ਰਬੰਧਾਂ ਦੀ ਘਾਟ ਦੇ ਚਲਦਿਆਂ ਸਾਉਣ-ਭਾਦੋਂ ਮਹੀਨੇ ਦੀ ਪਹਿਲੀ ਬਰਸਾਤ ਨੇ ਹੀ ਜਿੱਥੇ ਸ਼ਹਿਰ ਵਾਸੀਆਂ ਦੇ ਸਾਂਹ ਸੂਤ ਦਿੱਤੇ ਹਨ ਉਥੇ ਇਹ ਬਰਸਾਤੀ ਪਾਣੀ ਸਰਕਾਰੀ ਸੰਸਥਾਵਾਂ ਲਈ ਮਾਰੂ ਸਿੱਧ ਹੋ ਰਿਹਾ ਹੈ। ਦੇ ਬਰਸਾਤੀ ਅਤੇ ਗੰਦੇ ਪਾਣੀ ਨੇ ਅੱਜ ਬਿਜਲੀ ਦਫਤਰ, ਸਟੇਟ ਬੈਂਕ ਪਟਿਆਲਾ, ਸਰਭ ਹਿੱਤਕਾਰੀ ਵਿੱਦਿਆਂ ਮੰਦਰ ਸਕੂਲ ਅਤੇ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਇਆ, ਜਿੰਨਾਂ ਅੰਦਰ ਕਰੀਬ ਢਾਈ ਫੁੱਟ ਪਾਣੀ ਦਾਖਲ ਹੋ ਗਿਆ। ਪਾਣੀ ਸਕੂਲ ਦੇ ਕਮਰਿਆਂ ਚ ਦਾਖਲ ਹੋ ਜਾਣ ਕਾਰਨ ਜਿੱਥੇ ਪੂਰਾ ਦਿਨ ਪੜ੍ਹਾਈ ਪ੍ਰਭਾਵਿਤ ਹੋਈ ਉਥੇ ਇਹਨਾਂ ਸਾਰੀਆਂ ਸੰਸਥਾਵਾਂ ਦਾ ਫਰਨੀਚਰ ਅਤੇ ਹੋਰ ਰਿਕਾਰਡ ‘ਪਾਣੀ-ਪਾਣੀ’ ਹੋ ਗਿਆ। ਲੜਕੀਆਂ ਵਾਲੇ ਸਕੈਂਡਰੀ ਸਕੂਲ ਦੇ ਪ੍ਰਿੰਸੀਪਾਲ ਰਾਮੇਸ਼ ਤਾਂਗੜੀ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੋ ਲਗਾਤਾਰ ਹੋ ਰਹੀ ਬਰਸਾਤੀ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਗੰਦਾ ਪਾਣੀ ਗਲੀਆਂ-ਨਾਲੀਆਂ ਤੋ ਬਾਹਰ ਹੋਕੇ ਸਕੂਲ ਦੇ ਵਿਹੜੇ ਚ ਦਾਖਲ ਹੋ ਗਿਆ।ਜਿਸ ਨਾਲ ਸਕੂਲ ਅੰਦਰ ਕਰੀਬ ਤਿੰਨ ਫੁੱਟ ਪਾਣੀ ਭਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਪਾਣੀ ਸਕੂਲ ਦੇ ਕਮਰਿਆਂ ਚ ਦਾਖਲ ਹੋ ਜਾਣ ਕਾਰਨ ਪੂਰਾ ਦਿਨ ਪੜਾਈ ਪ੍ਰਭਾਵਿਤ ਰਹੀ, ਉਥੇ ਸੀਵਰੇਜ ਯੁਕਤ ਇਹ ਪਾਣੀ ਸਕੂਲ ਦੇ ਪੀਣ ਵਾਲੇ ਪਾਣੀ ਚ ਰਲ ਜਾਣ ਕਾਰਨ ਬੱਚੇ ਪਾਣੀ ਪੀਣ ਤੋ ਵੀ ਵਾਂਝੇ ਰਹੇ।ਬੋਹਾ ਸਮਾਜ ਸੇਵੀ ਵਿਆਕਤੀਆਂ ਨੇ ਦੱਸਿਆ ਕਿ ਸਕੂਲ ਦੀ ਕੁਝ ਜਮੀਨ ਪੁਰਾਤਨ ਛੱਪੜ ਨਾਲ ਲੱਗਦੀ ਹੈ ਜਿਸ ਉਪਰ ਕੁਝ ਲੋਕਾਂ ਨੇ ਨਾਜਾਇਜ ਕਬਜਾ ਕਰਕੇ ਮਿੱਟੀ ਪਾ ਦਿੱਤੀ। ਪਹਿਲਾਂ ਇਸ ਰਾਸਤਿਓ ਪਾਣੀ ਬਾਹਰ ਨਿੱਕਲ ਜਾਂਦਾ ਸੀ ਪਰ ਨਾਜਾਇਜ ਕਬਜੇ ਅਤੇ ਪਾਈ ਭਰਤ ਕਾਰਨ ਪਾਣੀ ਦਾ ਨਿੱਕਲਣਾ ਬੰਦ ਹੋ ਗਿਆ ਹੈ।ਜਿਸ ਕਾਰਨ ਇਹ ਪਾਣੀ ਸਕੂਲ ਵਿਹੜੇ ਅੰਦਰ ਦਾਖਲ ਹੋ ਚੁੱਕਾ ਹੈ।ਉਨਾਂ ਦੱਸਿਆ ਕਿ ਸੀਵਰੇਜ ਯੁਕਤ ਗੰਦਾ ਪਾਣੀ ਬਰਸਾਤੀ ਪਾਣੀ ਚ ਮਿਕਸ ਹੋ ਜਾਣ ਕਾਰਨ ਇਥੋ ਦਾ ਪਾਣੀ ਵੀ ਪੀਣ ਯੋਗ ਨਹੀ ਰਿਹਾ।ਵਪਾਰ ਮੰਡਲ ਬੋਹਾ ਦੇ ਪ੍ਰਧਾਨ ਸੁਰਿੰਦਰ ਮੰਗਲਾ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਮੱਠੀ ਰਫਤਾਰ,ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧਾਂ ਦੀ ਘਾਟ ਅਤੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਜਮੀਨ ਉਪਰਲੇ ਨਾਜਾਇਜ ਕਬਜਿਆਂ ਦਾ ਮਾਮਲਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਜ਼ਿਲ੍ਹਾ ਪ੍ਰਸਾ ਕੋਲ ਕਈ ਵਾਰ ਚੁੱਕਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ।ਉਨਾਂ ਸਰਕਾਰ ਤੋ ਮੰਗ ਕੀਤੀ ਕਿ ਸਮੱਸਿਆਵਾਂ ਨਾਲ ਘਿਰੇ ਬੋਹਾ ਵਾਸੀਆਂ ਦੀ ਪੁਕਾਰ ਸੁਣੇ।
ਜ਼ਿਕਰਯੋਗ ਹੈ ਕਿ ਜਦੋ ਵੀ ਬਰਸਾਤ ਆਉਂਦੀ ਹੈ ਤਾਂ ਬਹੁਤੇ ਲੋਕਾਂ ਦੇ ਸਾਂਹ ਸੂਤੇ ਜਾਂਦੇ ਹਨ।ਦੇਖਦੇ ਹਾਂ ਪ੍ਰਸ਼ਾਸ਼ਨ ਗੰਦੇ ਪਾਣੀ ਦੀ ਨਿਕਾਸੀ ਦੇ ਅਜੰਡੇ ਨੂੰ ਮੁੱਖ ਰੱਖਕੇ ਬੋਹਾ ਵਾਸੀਆਂ ਨੂੰ ਇਸ ਨਰਕ ਤੋਂ ਕਦੋ ਤੱਕ ਰਾਹਤ ਦਿਲਾਵੇਗਾ।

Send this to a friend