ਮੋਬਾਇਲ ਸਰਵਿਸ ਤੇ ਰਿਪੇਅਰ ਦਾ ਮੁਫ਼ਤ ਸਿਖਲਾਈ ਕੋਰਸ ਸਮਾਪਤ
ਜਲੰਧਰ 31 ਅਗਸਤ 2017 – ਰੂਡਸੈਟ ਸੰਸਥਾ ਤੋਂ ਸਿਖਲਾਈ ਪ੍ਰਾਪਤ ਸਿਖਿਆਰਥੀਆਂ ਨੂੰ ਆਪਣਾ ਸਵੈ-ਰੁਜ਼ਗਾਰ ਸੁਰੂ ਕਰਨ ਲਈ ਬੈਂਕਾਂ ਤੋਂ ਵਿੱਤੀ ਸਹਾਇਤਾ ਲੈਣ ਵਿੱਚ ਕੀਤੀ ਜਾਂਦੀ ਹੈ ਮਦਦ ਤਾਂ ਜੋ ਉਹ ਆਪਣਾ ਸਵੈ-ਰੁਜ਼ਗਾਰ ਸਫ਼ਲਤਾ ਪੂਰਵਕ ਚਲਾ ਕੇ ਇਕ ਉਸਾਰੂ ਸਮਾਜ ਦੀ ਸਿਰਜਣਾਂ ਵਿੱਚ ਅਪਣਾ ਬਣਦਾ ਯੋਗਦਾਨ ਪਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਜਨਰਲ ਮੇਨੈਜਰ ਨਬਾਰਡ ਜਲੰਧਰ ਸ੍ਰੀ ਐਲ.ਕੇ.ਮਹਿਰਾ ਨੇ ਅੱਜ ਰੂਡਸੈਟ ਸੰਸਥਾ ਜਲੰਧਰ ਵਿਖੇ ਸੈਲ ਫੋਨ ਸਰਵਿਸ ਅਤੇ ਰਿਪੇਅਰ ਦਾ ਕੋਰਸ ਜੋ ਕਿ ਨਬਾਰਡ ਵਲੋਂ ਸਿੱਖਿਆਰਥੀਆਂ ਨੂੰ ਮੁਫ਼ਤ ਕਰਵਾਇਆ ਗਿਆ ਦੇ ਸਮਾਪਤੀ ਸਮਾਰੋਹ ਦੌਰਾਨ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਜਿਥੇ ਸਿੱਖਿਆਰਥੀਆਂ ਨੂੰ ਆਪਣਾ ਕੋਰਸ ਸਫ਼ਲਤਾ ਪੂਰਵਕ ਮੁਕੰਮਲ ਕਰਨ ’ਤੇ ਵਧਾਈ ਦਿੱਤੀ ਉਥੇ ਨਾਲ ਹੀ ਪੂਰੀ ਲਗਨ ਤੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਦੇ ਕੇ ਰੋਜ਼ਗਾਰ ਦੇ ਯੋਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਹੋਰਨਾਂ ਨੂੰ ਵੀ ਇਸ ਸਿਖਲਾਈ ਸੰਸਥਾ ਤੋਂ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਲੈਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਸ੍ਰੀ ਗੁਲਸ਼ਨ ਕੁਮਾਰ ਸਾਬਕਾ ਸੀਨੀਅਰ ਮੈਨੇਜਰ ਸਿੰਡੀਕੇਟ ਬੈਂਕ ਨੇ ਦੱਸਿਆ ਕਿ ਇਹ ਸੰਸਥਾ ਐਸ.ਡੀ.ਐਮ.ਈ.ਟਰੱਸਟ,ਸਿੰਡੀਕੇਟ ਬੈਂਕ ਅਤੇ ਕੇਨਰਾ ਬੈਂਕ ਵਲੋਂ ਪ੍ਰਾਯੋਜਿਤ ਹੈ। ਇਸ ਸੰਸਥਾ ਵਿੱਚ 18 ਤੋਂ 45 ਸਾਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਸਵੈ ਰੋਜਗਾਰ ਲਈ ਮੁਫ਼ਤ ਟਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਖੇ ਸਿਖਲਾਈ ਪ੍ਰੋਗਰਾਮ ਦੌਰਾਨ ਮੁਫ਼ਤ ਰਹਿਣ-ਸਹਿਣ ਅਤੇ ਖਾਣੇ ਦੀ ਸਹੂਲਤ ਸਿੱਖਿਆਰਥੀਆਂ ਨੂੰ ਉਪਲਬਧ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨੌਜਵਾਨ ਜੋ ਸਵੈ ਰੋਜਗਾਰ ਨੂੰ ਸੁਰੂ ਕਰਨਾ ਚਾਹੁੰਦਾ ਹੈ ਇਸ ਸੰਸਥਾ ਤੋਂ ਮੁਫ਼ਤ ਕਿੱਤਾ ਸਿਖਲਾਈ ਪ੍ਰੋਗਰਾਮਾਂ ਦਾ ਲਾਭ ਉਠਾ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰ : 0181-2253749 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਦੀਪਿਕਾ ਠਾਕੁਰ,ਸ੍ਰੀ ਮੁਹੰਮਦ ਜੁਫੈਨ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।