ਅੰਮ੍ਰਿਤਾ ਪ੍ਰੀਤਮ ਵੀਹਵੀਂ ਸਦੀ ਦੀ ਇੱਕ ਮਹਾਨ ਕਵੀਤਰੀ, ਗਲਪਕਾਰ, ਕਹਾਣੀਕਾਰ, ਵਾਰਤਾਕਾਰ, ਅਨੁਵਾਦਕ ਤੇ ਚਿੰਤਕ ਸੀ। ਅੰਮ੍ਰਿਤਾ ਦਾ ਜਨਮ ਜਲ੍ਹਿਆਂ ਵਾਲੇ ਬਾਗ ਦੀ ਦੁੱਖਦਾਈ ਘਟਨਾ ਘਟਨ ਤੋਂ ਚਾਰ ਮਹੀਨੇ ਤੇ ਅਠਾਰਾਂ ਦਿਨ ਬਾਅਦ ਯਾਨੀ 31 ਅਗਸਤ 1919 ਨੂੰ ਗੁੱਜਰਾਂਵਾਲਾ ਪਾਕਿਸਤਾਨ ਵਿੱਚ ਪਿਤਾ ਸ੍ਰ.ਕਰਤਾਰ ਸਿੰਘ ਹਿਤਕਾਰੀ (ਜੋ ਪੰਚਖੰਡ ਭਸੌੜ ਦੇ ਸਕੂਲ ਵਿੱਚ ਅਧਿਆਪਕ ਸੀ, ਇੱਕ ਕਵੀ ਤੇ ਸਿੱਖ ਧਰਮ ਦੇ ਬਹੁਤ ਅੱਛੇ ਪ੍ਰਚਾਰਕ ਵੀ ਸਨ) ਤੇ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ।ਅੰਮ੍ਰਿਤਾ ਦਸ ਸਾਲ ਦੀ ਸੀ, ਜਦ 1929 ਵਿੱਚ ਮਾਂ ਦਾ ਸਾਇਆ ਸਿਰ ਤੋਂ ਉ¤ਠ ਗਿਆ। ਮਾਂ ਦੇ ਦਿਹਾਂਤ ਤੋਂ ਬਾਅਦ ਹੀ ਅੰਮ੍ਰਿਤਾ ਦੀ ਅੰਦਰ ਦੀ ਕਵੀਤਰੀ ਨੇ ਅੰਗੜਾਈਆਂ ਲੈਣੀਆਂ ਸ਼ੁਰੂ ਕੀਤੀਆਂ। ਕਵਿਤਾ ਦੀ ਛੰਦਾ-ਬੰਦੀ ਦਾ ਗਿਆਨ ਉਸਨੇ ਆਪਣੇ ਪਿਤਾ ਸ੍ਰ. ਕਰਤਾਰ ਸਿੰਘ ਹਿਤਕਾਰੀ ਤੋਂ ਲਿਆ।ਅੰਮ੍ਰਿਤਾ ਨੇ ਪਹਿਲਾਂ ਕਲਾਸਕੀ ਨਾਚ ਵੀ ਸਿੱਖਣਾ ਚਾਹਿਆ, ਪਰ ਘਰੋਂ ਮਨਜ਼ੂਰੀ ਨਾ ਮਿਲੀ। ਫਿਰ ਸੰਗੀਤ (ਸਿਤਾਰ) ਵਿੱਚ ਰੁਚੀ ਪੈਦਾ ਹੋਈ, ਉਹ ਵੀ ਪ੍ਰਵਾਨ ਨਾ ਚੜ੍ਹੀ। ਫਿਰ ਫੋਟੋਗ੍ਰਾਫੀ ਦਾ ਸ਼ੌਕ ਵੀ ਜਾਗਿਆ, ਫਿਰ ਟੈਨਿਸ ਖੇਡਣ ਦਾ ਸ਼ੌਕ ਵੀ ਜਾਗਿਆ, ਪਰ ਬਾਅਦ ਵਿੱਚ ਲੇਖਣੀ ਵਿੱਚ ਰੁਚੀ ਵੱਧਦੀ ਗਈ ਤੇ ਅੰਮ੍ਰਿਤਾ ਇੱਕ ਮਹਾਨ ਲੇਖਿਕਾ ਬਣ ਗਈ। ਸੰਨ 1932 ਵਿੱਚ ਪੰਜਾਬੀ ਦੀ ਵਿਦਵਾਨੀ ਪਾਸ ਕੀਤੀ। ਸੰਨ 1933 ਵਿੱਚ ਗਿਆਨੀ ਪਾਸ ਕੀਤੀ। ਖਾਲਸਾ ਕਾਲਜ ਫ਼ਾਰ ਗਰਲਜ ਲਾਹੌਰ ਤੋਂ ਮੈਟ੍ਰਿਕ ਪਾਸ ਕੀਤੀ।ਪੰਦਰਾਂ ਵਰੇ ਦੀ ਉਮਰ ਵਿੱਚ ਉਸ ਦਾ ਮੇਲ ਰਬਿੰਦਰ ਨਾਥ ਟੈਗੋਰ ਨਾਲ ਹੋਇਆ। ਜਦ ਰਬਿੰਦਰ ਨਾਥ ਟੈਗੋਰ ਹੋਰਾਂ ਨੂੰ ਅੰਮ੍ਰਿਤਾ ਨੇ ਆਪਣੀ ਲਿਖੀ ਇੱਕ ਕਵਿਤਾ ਸੁਣਾਈ ਤਾ ਉਹ ਅੱਸ਼-ਅੱਸ਼ ਕਰ ਉ¤ਠੇ। ਸੰਨ 1936 ਵਿੱਚ ‘ਅੰਮ੍ਰਿਤ ਲਹਿਰਾਂ’ ਦੀ ਪ੍ਰਕਾਸ਼ਨਾ ਹੋਈ ਤੇ ਇਸੇ ਸਾਲ ਹੀ ਸ੍ਰ. ਪ੍ਰੀਤਮ ਸਿੰਘ ਕਵਾਤੜਾ ਨਾਲ ਅੰਮ੍ਰਿਤਾ ਵਿਆਹ ਬੰਧਨ ਵਿੱਚ ਬੱਝ ਗਈ ਤੇ ਉਸ ਦਿਨ ਤੋਂ ਅੰਮ੍ਰਿਤਾ , ਅੰਮ੍ਰਿਤਾ ਪ੍ਰੀਤਮ ਹੋ ਗਈ ਤੇ ਆਪਣੇ ਨਾਂਅ ਨਾਲ ਪ੍ਰੀਤਮ ਲਿੱਖਣ ਲੱਗ ਪਈ। ਅੰਮ੍ਰਿਤਾ ਦੇ ਘਰ ਦੋ ਬੱਚਿਆਂ ਬੇਟਾ ਸਵਰਾਜ ਤੇ ਬੇਟੀ ਕੰਦਲਾ ਨੇ ਜਨਮ ਲਿਆ। ਸੰਨ 1938 ਵਿੱਚ ਪਿਤਾ ਨਾਲ ਮਿਲ ਕੇ ‘ਨਵੀਂ ਦੁਨੀਆਂ’ ਨਾਂ ਦੀ ਮਾਸਿਕ ਪੱਤ੍ਰਿਕਾ ਵੀ ਕੱਢੀ। ਇਸੇ ਸਾਲ ਹੀ ਅੰਮ੍ਰਿਤਾ ਪ੍ਰੀਤਮ ਆਲ ਇੰਡੀਆਂ ਰੇਡੀਉ ਲਾਹੌਰ ਨਾਲ ਦੇਸ਼ ਦੀ ਵੰਡ 1947 ਤੱਕ ਜੁੜੀ ਰਹੀ। ਦੇਸ਼ ਦੀ ਵੰਡ ਨੇ ਅੰਮ੍ਰਿਤਾ ਪ੍ਰੀਤਮ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਉਹ ਵੀ ਬਾਕੀ ਲੋਕਾਂ ਦੀ ਤਰ੍ਹਾਂ ਉ¤ਜੜ ਕੇ ਪ੍ਰੀਵਾਰ ਸਮੇਤ ਪਹਿਲਾਂ ਦੇਹਰਾਦੂਨ ਤੇ ਫਿਰ ਦਿੱਲੀ ਵੱਸ ਗਈ। ਜਦ ਉਹ ਲਾਹੌਰ ਤੋਂ ਦੇਹਰਾਦੂਨ ਤੇ ਦਿੱਲੀ ਵਿੱਚ ਕੋਈ ਟਿਕਾਣਾ ਲੱਭਣ ਲਈ ਕੋਸ਼ਿਸ਼ ਕਰ ਰਹੀ ਸੀ ਤਾਂ ਰੇਲ ਗੱਡੀ ਦੇ ਸਫਰ ਦੌਰਾਨ ਕੰਬਦੀ ਤੇ ਹਿੱਲਦੀ ਰੇਲ ਗੱਡੀ ਵਿੱਚ ਇੱਕ ਨਜ਼ਮ ਲਿਖੀ ਜੋ ਦੋਹਾਂ ਪੰਜਾਬਾਂ ਵਿੱਚ ਖੂਬ ਸਰਾਹੀ ਗਈ। ਨਜ਼ਮ ਸੀ ਕਿ:
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿੱਖ-ਲਿੱਖ ਮਾਰੇ ਵੈਣ।
ਉ¤ਠ ਦਰਦਮੰਦਾਂ ਦਿਆ ਦਰਦੀਆ, ਉ¤ਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ, ਤੇ ਲਹੂ ਦੀ ਭਰੀ ਚਨਾਬ।
ਕਹਿੰਦੇ ਹਨ ਕਿ ਇਹ ਨਜ਼ਮ ਦੋਹਾਂ ਪੰਜਾਬਾਂ ਦੇ ਲੋਕ ਆਪਣੀ ਜੇਬ ਵਿੱਚ ਰੱਖਦੇ ਸਨ ਤੇ ਇੱਕ ਦੂਜੇ ਨੂੰ ਸਣਾਉਂਦੇ ਸਮੇਂ ਰੋ ਪੈਂਦੇ ਸਨ। ਸੰਨ 1948 ਵਿੱਚ ਆਲ ਇੰਡੀਆ ਰੇਡੀਉ ਦਿੱਲੀ ਤੋਂ ਅਨਾਉਂਸਰ ਵੀ ਰਹੀ। ਅੰਮ੍ਰਿਤਾ ਨੇ ਕਵਿਤਾ, ਨਾਵਲ, ਕਹਾਣੀਆਂ ਤੇ ਵਾਰਤਕ ਆਦਿ ਕੋਈ 100 ਤੋਂ ਵੱਧ ਪੁਸਤਕਾਂ ਲਿੱਖ ਕੇ ਸਾਹਿਤ ਜਗਤ ਦੀ ਝੋਲੀ ਪਾਈਆਂ। ਉਸ ਦੀਆਂ ਲਿੱਖਤਾਂ ਦਾ ਬੁਲਗਾਰੀਅਨ, ਯੋਗੋਸਲਾਵ, ਪੋਲਿਸ਼, ੳਲਬੇਨੀਅਨ, ਸਪੈਨਿਸ਼, ਫਰੈਂਚ, ਬੰਗਾਲੀ, ਮਰਾਠੀ, ਗੁਜਰਾਤੀ, ਮਲਿਆਲਮ, ਕੰਨੜ, ਸਿੰਧੀ, ਅਸਾਮੀ, ਉੜੀਆ, ਹਿੰਦੀ ਤੇ ਉਰਦੂ ਕੋਈ ਲਗਭਗ 34 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਅੰਮ੍ਰਿਤਾ ਦੀਆਂ ਕਵਿਤਾ ਵਿਆਹ ਤੋਂ ਪਹਿਲਾਂ ਹੀ ‘ਰਣਜੀਤ ਨਗਾਰਾ’; ਨਾਂਅ ਦੀ ਪੱਤ੍ਰਿਕਾ ਵਿੱਚ ਛੱਪਣੀਆਂ ਸ਼ੁਰੂ ਹੋ ਗਈਆਂ ਸਨ।ਇੱਥੋਂ ਹੀ ਉਸਦੀਆਂ ਕਵਿਤਾਵਾਂ ਦਾ ਸਫਰ ਸ਼ੁਰੂ ਹੋਇਆ। ਫੇਰ ਤਾਂ ਬੱਸ ਚੱਲ ਸੋ ਚੱਲ, ਅੰਮ੍ਰਿਤਾ ਨੇ ਅਨੇਕਾਂ ਕਵਿਤਾਵਾਂ ਦੀਆਂ ਅਨੇਕਾਂ ਕਿਤਾਬਾਂ ਲਿੱਖ ਮਾਰੀਆਂ ਜਿਵੇਂ: ਠੰਡੀਆਂ ਕਿਰਨਾਂ (1935), ਅੰਮ੍ਰਿਤ ਲਹਿਰਾਂ (1936), ਜਿਉਂਦਾ ਜੀਵਨ (1939), ਤ੍ਰੇਲ ਧੋਤੇ ਫੁੱਲ (1941), ਉ ਗੀਤਾਂ ਵਾਲਿੳੇ (1942), ਬੱਦਲਾਂ ਦੇ ਪੱਲੇ ਵਿੱਚ, ਸੰਝ ਦੀ ਲਾਲੀ (1943), ਲੋਕ ਪੀੜ੍ਹ (1949), ਮੈਂ ਤਵਾਰੀਖ ਹਾਂ ਹਿੰਦ ਦੀ (1950), ਸਰਘੀ ਵੇਲਾ (1951), ਸੁਨੇਹੜੇ (1955), ਅਸ਼ੋਕਾ ਚੇਤੀ (1957), ਕਸਤੂਰੀ (1959), ਨਾਗਮਣੀ (1964), ਨਵੀਂ ਸਵੇਰ (1968), ਛੇ ਰੁੱਤਾਂ (1969), ਕਾਗਜ਼ ਤੇ ਕੈਨਵਸ (1970), ਮੈਂ ਜਮ੍ਹਾਂ ਤੂੰ (1977), ਮੈਂ ਤੈਨੂੰ ਫਿਰ ਮਿਲਾਂਗੀ (2004) ਅਦਿ ਇੰਨ੍ਹਾਂ ਕਵਿਤਾਵਾਂ ਵਿੱਚ ਅੰਮ੍ਰਿਤਾ ਨੇ ਕਦੀ ਧੀਆਂ ਦੇ ਦਰਦ ਨੂੰ ਬਿਆਨਿਆਂ ਹੈ ਤੇ ਕਿਧਰੇ ਦੇਸ਼ ਦੀ ਵੰਡ ਦੌਰਾਨ ਬੇ-ਘਰੇ ਹੋਏ ਲੋਕਾਂ ਦੀਆਂ ਚੀਕਾਂ ਸੁਣ ਕੇ ਆਪਣੇ ਦਿਲ ਦਾ ਦਰਦ ਕਲਮ ਰਾਹੀਂ ਕਾਗਜ਼ ਦੀ ਹਿੱਕ ਤੇ ਉਲੀਕਿਆ ਹੈ।ਅੰਮ੍ਰਿਤਾ ਨੇ ਕਈ ਨਾਵਲ ਵੀ ਲਿਖੇ। ਉਸਨੇ ਜੈ ਸ਼੍ਰੀ (1946), ਡਾਕਟਰ (1949), ਆਲ੍ਹਣਾ (1952), ਅਸ਼ੂ (1958), ਪਿੰਜਰ (1959), ਇੱਕ ਸਵਾਲ (1959), ਬੰਦ ਦਰਵਾਜ਼ਾ (1961), ਰੰਗ ਦਾ ਪੱਤਾ (1963), ਇੱਕ ਸੀ ਅਨੀਤਾ, ਚੱਕ ਨੰ. ਛੱਤੀ (1964), ਧਰਤੀ ਸਾਗਰ ਤੇ ਸਿੱਪੀਆਂ ( 1965), ਦਿੱਲੀ ਦੀਆ ਗਲੀਆਂ (1968), ਧੁੱਪ ਦੀ ਕਾਤਰ (1969), ਜਲਾਵਤਨ (1970), ਯਾਤਰੀ, ਜੇਬ ਕਤਰਾ (1971), ਪੱਕੀ ਹਵੇਲੀ, ਅੱਕ ਦਾ ਬੂਟਾ (1972), ਅੱਗ ਦੀ ਲਕੀਰ (1973), ਕੱਚੀ ਸੜ੍ਹਕ (1974), ਕੋਈ ਨਹੀ ਜਾਣਦਾ, ਉਨ੍ਹਾਂ ਦੀ ਕਹਾਣੀ (1975), ਇਹ ਸੱਚ ਹੈ, ਤੇਰ੍ਹਵਾਂ ਸੂਰਜ (1977), ਉਨਿੰਜਾ ਦਿਨ (1978), ਕੋਰੇ ਕਾਗਜ਼ (1982) ਆਦਿ ਕਈ ਨਾਵਲ ਸਾਹਿਤ ਜਗਤ ਦੀ ਝੋਲੀ ਪਾਏ। ਉਹਨਾਂ ਦੇ ਨਾਵਲ ‘ਪਿੰਜਰ’ ਤੇ ਸੰਨ 2003 ਵਿੱਚ ਫਿਲਮ ਬਣੀ ਜੋ ਬੇਹੱਦ ਮਕਬੁਲ ਰਹੀ। ਉਹਨਾਂ ਦੇ ਜੀਵਨ, ਕਹਾਣੀਆਂ, ਨਾਵਲਾਂ ਤੇ ਕੁੱਲ ਮਿਲਾ ਕੇ ਲਗਭਗ 10 ਦੇ ਕਰੀਬ ਫਿਲਮਾਂ ਬਣੀਆਂ।ਕਹਾਣੀਆਂ ਦੀਆਂ ਵੀ ਕਈ ਕਿਤਾਬਾਂ ਲਿਖੀਆਂ ਜਿਵੇਂ ਛੱਬੀ ਵਰੇ ਬਾਅਦ (1943), ਕੁੰਜੀਆਂ (1944), ਆਖਰੀ ਖੱਤ (1956), ਗੌਜਰ ਦੀਆਂ ਪਰੀਆਂ (1960), ਚਾਨਣ ਦਾ ਹਉਕਾ (1962), ਜੰਗਲੀ ਬੂਟੀ (1968), ਅਜਨਬੀ (1970), ਹੀਰੇ ਦੀ ਕਣੀ (1970), ਲਟੀਆ ਦੀ ਛੋਕਰੀ (1977), ਪੰਜ ਵਰ੍ਹੇ ਲੰਮੀ ਸੜ੍ਹਕ (1978) ਆਦਿ ਹਨ। ਅੰਮ੍ਰਿਤਾ ਦੀ ਸਵੈ-ਜੀਵਨੀ ਸਮੇਤ ਕਈ ਹੋਰ ਲਿੱਖਤਾਂ ਵੀ ਹਨ: ਜਿਵੇਂ ਭਾਰਤ ਦੇ ਉਸਰੱਈਏ, ਕਾਲਾ ਗੁਲਾਬ, ਦਸਤਾਵੇਜ਼, ਰਸੀਦੀ ਟਿਕਟ (ਸਵੈ-ਜੀਵਨੀ), ਬਾਰੀਆਂ ਝਰੋਖੇ, ਅੱਗ ਦੀਆਂ ਲੀਕਾਂ, ਇੱਕੀ ਪੱਤੀਆਂ ਦਾ ਗੁਲਾਬ, ਲਾਲ ਧਾਗੇ ਦਾ ਰਿਸ਼ਤਾ, ਦਰਵੇਸ਼ਾਂ ਦੀ ਮਹਿੰਦੀ, ਕਾਲ ਚੇਤਨਾ, ਅਵਾਜ਼ ਦੀ ਦੁਨੀਆਂ, ਉ¤ਠ ਨੀ ਸਾਹਿਬਾਂ ਸੁੱਤੀਏ, ਪ੍ਰਤੀਕ ਵਿਗਿਆਨ, ਸੱਤ ਮੁਸਾਫਰ, ਆਸ਼ਕ ਭੌਰ ਫਕੀਰ ਤੇ ਨਾਗ ਕਾਲੇ, ਥਾਰੀ ਵਿਕਟ ਨਗਰੀ ਆ, ਦੇਖ ਕਬੀਰਾ, ਪ੍ਰਸ਼ਨ ਲੀਲ੍ਹਾ, ਮੇਰੇ ਕਾਲ ਮੁਕਤ ਸਮਕਾਲੀ, ਇੱਕ ਉਦਾਸ ਕਿਤਾਬ ਆਦਿ। ਅੰਮ੍ਰਿਤਾ ਦੀਆਂ ਹਿੰਦੀ ਪੁਸਤਕਾਂ ਦੀ ਸੂਚੀ ਵੀ ਬੜੀ ਲੰਬੀ ਹੈ; ਏਕ ਥੀ ਸਾਰਾ, ਮਨ ਮਿਰਜ਼ਾ, ਤਨ ਮਿਰਜ਼ਾ, ਮਨ ਮੰਥਨ ਕੀ ਗਾਥਾ, ਅਗਿਆਤ ਕਾ ਨਿਮ੍ਰੰਤਣ, ਅਕਸਰੋਂ ਕੇ ਸਾਏ, ਸਾਤਵੀਂ ਕਿਰਨ, ਇਸ਼ਕ ਸਹੰਸਰਨਾਮਾ ਹਨ। ਆਪਣੀ ਲੇਖਣੀ ਦੇ ਦਮ ਤੇ ਅੰਮ੍ਰਿਤਾ ਨੇ ਕਈ ਦੇਸ਼ ਵਿਦੇਸ਼ਾਂ ਦੀ ਯਾਤਰਾ ਕੀਤੀ। ਉਸਨੇ ਰੂਸ, ਹੰਗਰੀ, ਬੂਲਗਾਰੀਆ, ਯੂਗੋਸਲਾਵੀਆਂ ਤੇ ਰੁਮਾਨੀਆਂ ਆਦਿ ਦੇਸ਼ਾਂ ਦੀ ਸੈਰ ਕੀਤੀ ਤੇ ਕਈ ਮਾਨ-ਸਨਮਾਨ ਹਾਸਲ ਕੀਤੇ।ਅੰਮ੍ਰਿਤਾ ਨੂੰ ਜ਼ਿੰਦਗੀ ਵਿੱਚ ਅਨੇਕਾਂ ਮਾਨ-ਸਨਮਾਨ ਮਿਲੇ ਜਿੰਨ੍ਹਾਂ ਵਿੱਚ ਕਾਵਿ ਸੰਗ੍ਰਿਹ ‘ਸੁਨੇਹੜੇ’ ਲਈ ਭਾਰਤ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।ਸੰਨ 1958 ਵਿੱਚ ਭਾਸ਼ਾ ਵਿਭਾਗ ਵੱਲੋਂ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ , ਸੰਨ 1969 ਵਿੱਚ ਭਾਰਤ ਸਰਕਾਰ ਵੱਲੋਂ ‘ਪਦਮ ਸ਼੍ਰੀ’, ਸੰਨ 1982 ਵਿੱਚ ‘ ਭਾਰਤੀ ਗਿਆਨ ਪੀਠ’ ਦਾ ਇਨਾਮ ਪ੍ਰਾਪਤ ਹੋਇਆ। ਸੰਨ 1986 ਵਿੱਚ ਰਾਜ ਸਭਾ ਦੀ ਮੈਂਬਰ ਬਣੀ। ਵੱਖ-ਵੱਖ ਸਮੇਂ ਤੇ ਛੇ ਯੂਨੀਵਰਸਿਟੀਆਂ ਨੇ ਡੀ ਲਿਟ ਦੀ ਉਪਾਧੀ ਦਿੱਤੀ। ਸੰਨ 2002 ਵਿੱਚ ਪੰਜਾਬ ਸਰਕਾਰ ਨੇ ‘ਲਾਈਫ ਟਾਈਮ ਅਚੀਵਮੈਂਟ’ ਦਾ ਸਨਮਾਨ ਦਿੱਤਾ ਤੇ ਨਾਲ ਪੰਦਰਾਂ ਲੱਖ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ।ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਅੰਮ੍ਰਿਤਾ ਨੇ ਇਸ ਰਾਜ ਦਾ ਜ਼ਿਕਰ ਕੀਤਾ ਹੈ, ਕਿ ਸੰਨ 1960 ਵਿੱਚ ਅੰਮ੍ਰਿਤਾ ਦਾ ਝੁਕਾਅ ਸਾਹਿਰ ਲੁਧਿਆਣਵੀ ਵੱਲ ਹੋਣ ਕਰਕੇ ਉਸਦਾ ਆਪਣੇ ਪਤੀ ਪ੍ਰੀਤਮ ਨਾਲੋਂ ਤਲਾਕ ਹੋ ਗਿਆ, ਪਰ ਸਾਹਿਰ ਲੁਧਿਆਣਵੀ ਸੁਧਾ ਮਲਹੋਤਰਾ ਜੋ ਸਿੰਗਰ ਸੀ, ਦੀ ਤਰਫ ਖਿੱਚਿਆ ਚਲਿਆ ਗਿਆ ਤੇ ਫਿਰ ਜ਼ਿੰਦਗੀ ਦੇ ਆਖਰੀ 40 ਸਾਲ ਅੰਮ੍ਰਿਤਾ ਨੇ ਇਮਰੋਜ਼ ਨਾਲ ਬਿਤਾਏ। ਇੰਨ੍ਹਾਂ ਤੋਂ ਪਹਿਲਾਂ ਅੰਮ੍ਰਿਤਾ ਨੇ ‘ਸਜਾਦ ਹੈਦਰ’ ਨਾਂ ਦੇ ਸ਼ਖਸ ਦਾ ਆਪਣੀ ਜ਼ਿੰਦਗੀ ਵਿੱਚ ਆਉਣਾ ਵੀ ਲਿਖਿਆ ਹੈ।ਅੰਮ੍ਰਿਤਾ ਆਪਣੀ ਜ਼ਿੰਦਗੀ ਦੇ 86ਵੇਂ ਨੂੰ ਪਹੁੰਚ ਚੁੱਕੀ ਸੀ। ਉਮਰ ਜ਼ਿਆਦਾ ਹੋ ਜਾਣ ਕਰਕੇ ਅੰਮ੍ਰਿਤਾ ਬੀਮਾਰ ਰਹਿਣ ਲੱਗੀ ਅੰਤ 31 ਅਕਤੂਬਰ 2005 ਨੂੰ ਉਹ ਸਾਥੋਂ ਸਦਾ ਲਈ ਵਿੱਛੜ ਗਈ, ਪਰ ਆਪਣੀਆਂ ਬੇਤਹਰੀਨ ਲਿੱਖਤਾਂ ਕਰਕੇ ਅੰਮ੍ਰਿਤਾ ਪ੍ਰੀਤਮ ਹਮੇਸ਼ਾਂ ਸਾਡੇ ਚੇਤਿਆਂ ਵਿੱਚ ਵੱਸੀ ਰਹੇਗੀ।