ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਲੋਕਾਂ ਨੇ ਨਮ ਅੱਖਾਂ ਨਾਲ ਕੀਤੀ ਸ਼ਮੂਲੀਅਤ
ਤਲਵੰਡੀ ਸਾਬੋ, 30 ਅਗਸਤ ਅਗਸਤ (ਰਾਮ ਰੇਸ਼ਮ ਨਥੇਹਾ)- ਨੇੜਲੇ ਪਿੰਡ ਜਗ੍ਹਾ ਰਾਮ ਤੀਰਥ ਦੇ ਇੱਕ ਹੀ ਪਰਿਵਾਰ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੀ ਬੀਤੀ ਦੇਰ ਸ਼ਾਮ ਹਰਿਆਣਾ ਦੇ ਹਿਸਾਰ ਲਾਗੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ।ਅੱਜ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਨਮ ਅੱਖਾਂ ਨਾਲ ਸ਼ਮੂਲੀਅਤ ਕੀਤੀ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਜਗ੍ਹਾ ਰਾਮ ਤੀਰਥ ਦੇ ਗੁਰਮੀਤ ਸਿੰਘ ਠੇਕੇਦਾਰ ਦੀ ਲੜਕੀ ਦਾ ਕੈਨੇਡਾ ਜਾਣ ਦਾ ਵੀਜਾ ਲੱਗ ਗਿਆ ਸੀ ਤੇ ਉਸਨੂੰ ਹਵਾਈ ਅੱਡੇ ਤੇ ਚੜਾਉਣ ਲਈ ਬੀਤੇ ਦਿਨ ਗੁਰਮੀਤ ਸਿੰਘ ਤੇ ਕੁਝ ਹੋਰ ਰਿਸ਼ਤੇਦਾਰ ਆਪਣੇ ਪਰਿਵਾਰਾਂ ਸਮੇਤ ਰਵਾਨਾ ਹੋਏ ਸਨ।ਅਜੇ ਤੱਕ ਮਿਲੀ ਜਾਣਕਾਰੀ ਅਨੁਸਾਰ ਲੜਕੀ ਨੂੰ ਜਹਾਜ ਚੜਾ ਕੇ ਹਵਾਈ ਅੱਡੇ ਤੋਂ ਪਰਤਣ ਸਮੇਂ ਜਦੋਂ ਗੁਰਮੀਤ ਸਿੰਘ ਕਿਸੇ ਹੋਰ ਗੱਡੀ ਵਿੱਚ ਸਵਾਰ ਸੀ ਤਾਂ ਉਸ ਦੀ ਮਾਰੂਤੀ ਸਵਿਫਟ ਗੱਡੀ ਉਸਦਾ ਸਾਲ੍ਹਾ ਓਂਕਾਰ ਸਿੰਘ (ਸੋਨਾ) ਚਲਾ ਰਿਹਾ ਸੀ ਤਾਂ ਹਿਸਾਰ ਦੇ ਹਾਂਸੀ ਬਾਈਪਾਸ ਤੇ ਅਚਾਨਕ ਗੱਡੀ ਉਸਤੋਂ ਬੇਕਾਬੂ ਹੋ ਕੇ ਡੀਵਾਈਡਰ ਤੇ ਚੜ ਕੇ ਪਲਟ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ ਗੱਡੀ ਚਲਾ ਰਹੇ ਓਂਕਾਰ ਸਿੰਘ ਅਤੇ ਗੁਰਮੀਤ ਸਿੰਘ ਦੇ ਵੱਡੇ ਭਰਾ ਹਰਜਿੰਦਰ ਸਿੰਘ ਉਰਫ ਕਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਗੁਰਮੀਤ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੂੰ ਡਾਕਟਰਾਂ ਨੇ ਬਾਦ ਵਿੱਚ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਉਕਤ ਪਰਿਵਾਰ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦਾ ਅਤਿ ਕਰੀਬੀ ਪਰਿਵਾਰ ਹੈ।ਅੱਜ ਮ੍ਰਿਤਕ ਦੇਹਾਂ ਪੁੱਜਣ ਤੇ ਹਰਜਿੰਦਰ ਸਿੰਘ ਕਾਲਾ ਤੇ ਉਸਦੀ ਮਾਤਾ ਜਿਨਾਂ ਦੀ ਰਿਹਾਇਸ਼ ਤਲਵੰਡੀ ਸਾਬੋ ਵਿਖੇ ਸੀ ਦਾ ਅੰਤਿਮ ਸੰਸਕਾਰ ਤਲਵੰਡੀ ਸਾਬੋ ਵਿਖੇ ਜਦੋਂਕਿ ਓਕਾਂਰ ਸਿੰਘ ਦਾ ਬਠਿੰਡਾ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਪਿੰਡ ਦੇ ਲੋਕਾਂ ਤੋਂ ਇਲਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਸੁਰਿੰਦਰ ਨੰਬਰਦਾਰ ਡੂੰਮਵਾਲੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰ.ਭੁਪਿੰਦਰ ਸਿੰਘ ਸਿੱਧੂ ਵੱਲੋਂ ਰਾਜਬਹਾਦੁਰ ਸਿੰਘ ਸਮਾਘ, ਹਲਕੇ ਦੀ ਵਿਧਾਇਕਾ ਬਲਜਿੰਦਰ ਕੌਰ ਵੱਲੋਂ ਉਦੈਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨ:ਆਗੂ ਬਾਬੂ ਸਿੰਘ ਮਾਨ ਤੇ ਗਿਆਨੀ ਨਛੱਤਰ ਸਿੰਘ,ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ,ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ,ਯੂਥ ਅਕਾਲੀ ਆਗੂ ਸੁਰਜੀਤ ਸ਼ਿੰਦੀ,ਗੁਰਪ੍ਰੀਤ ਸਿੰਘ ਸਰਪੰਚ ਆਦਿ ਮੋਹਤਬਰ ਆਗੂ ਹਾਜ਼ਰ ਸਨ।