ਬੀਐਸਐਫ ਨੇ 10.740 ਕਿਲੋ ਹੈਰੋਈਨ ਫੜ੍ਹੀ

ਜਲਾਲਾਬਾਦ, 30 ਅਗਸਤ (ਸਚਿਨ ਮੋਂਗਾ, ਸੰਦੀਪ ਮਹੰਤ)- ਅਬੋਹਰ ਸੈਕਟਰ ਦੀ ਆਉਟ ਪੋਸਟ ਸ਼ਮਸ਼ਕੇ ਨੇੜੇ ਬੀਐਸਐਫ ਦੀ ਬਟਾਲੀਅਨ-2 ਨੇ 10.740 ਕਿਲੋਗ੍ਰਾਮ ਹੈਰੋਇਨ ਫੜ੍ਹਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸਦੀ ਕੌਮੀ ਬਜਾਰ ਵਿੱਚ ਕੀਮਤ 50 ਕਰੋੜ ਦੇ ਕਰੀਬ ਹੈ। ਬੀਐਸਐਫ ਸੈਕਟਰ ਫਲੀਆਂ ਵਾਲਾ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਮਧੂ ਸੂਦਨ ਨੇ ਦੱਸਿਆ ਕਿ ਸੀਮਾਪੱਟੀ ਤੇ ਜਵਾਨ ਬਿਲਕੁਲ ਅਲਰਟ ਹਨ ਅਤੇ ਅਬੋਹਰ ਸੈਕਟਰੀ ਦੀ ਆਉਟ ਪੋਸਟ ਸ਼ਮਸ਼ਕੇ (ਗੁਰੂਹਰਸਹਾਏ) ਦੇ ਨਜਦੀਕ ਤਸਕਰਾਂ ਵਲੋਂ ਖਰਾਬ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਹੈਰੋਇਨ ਨੂੰ ਭਾਰਤ ਸੀਮਾ ਵਿੱਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਕੋਸ਼ਿਸ਼ ਨੂੰ ਬੀਐਸਐਫ ਦੀਆਂ ਬਟਾਲੀਅਨ-2 ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਮੌਕੇ ਤੋਂ 10 ਪੈਕੇਟ ਹੈਰੋਇਨ (10.740 ਕਿਲੋਗ੍ਰਾਮ) ਫੜ੍ਹਣ ਵਿੱਚ ਸਫਲਤਾ ਹਾਸਲ ਕੀਤੀ ਗਈ। ਡੀਆਈਜੀ ਨੇ ਦੱਸਿਆ ਕਿ ਅਕਸਰ ਹੀ ਖਰਾਬ ਮੌਸਮ ਦੇ ਦਿਨਾਂ ਵਿੱਚ ਤਸਕਰਾਂ ਵਲੋਂ ਹੈਰੋਇਨ ਨੂੰ ਭਾਰਤ ਵਿੱਚ ਦਾਖਲ ਕਰਵਾਉਣ ਦੀਆਂ ਸਾਜਿਸ਼ਾਂ ਚੱਲੀਆਂ ਜਾਂਦੀਆਂ ਹਨ ਅਤੇ 30 ਅਗਸਤ ਨੂੰ ਵੀ ਖਰਾਬ ਮੌਸਮ ਦਾ ਫਾਇਦਾ ਉਠਾ ਕੇ ਤਸਕਰਾਂ ਨੇ 10 ਪੈਕੇਟ ਹੈਰੋਇਨ ਭਾਰਤੀ ਸੀਮਾ ਵਿੱਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੀਐਸਐਫ ਦੇ ਜਵਾਨਾਂ ਨੇ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕਮਾਂਡੈਂਟ ਹਰਿੰਦਰਪਾਲ ਸਿੰਘ ਸੋਈ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਸਨ।

Send this to a friend