ਸ੍ਰੀ ਹਰਗੋਬਿੰਦਪੁਰ, 30 ਅਕਤੂਬਰ (ਚਰਨਜੀਤ ਸਿੰਘ ਚੀਮਾ)-ਬੀਤੇ ਦਿਨ ਥਾਣਾ ਸ੍ਰੀ ਹਰਗੋਬਿੰਦਪੁਰ ਅੰਦਰ ਪੈਂਦੇ ਪਿੰਡ ਕੀੜੀ ਅਫਗਾਨਾ ਦੇ ਵਾਸੀ ਬਖਸ਼ੀਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਨੇ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਰਿਪੋਰਟ ਦਰਜ ਕਰਵਾਈ ਕਿ ਮੈਂ ਆਪਣੇ ਘਰ ਦੇ ਨਜ਼ਦੀਕ ਡੰਗਰਾਂ ਲਈ ਹਵੇਲੀ ਬਣਾਈ ਹੈ ਤੇ ਮੇਰੇ ਕੋਲ ਤਕਰੀਬਨ ਤੀਹ ਗਾਈਆਂ-ਮੱਝਾਂ ਤੇ ਝੋਟੀਆਂ ਹਨ ।

ਮੈਂ ਹਰ ਰੋਜ ਸ਼ਾਮ ਨੂੰ ਧਾਰਾਂ ਕੱਢਣ ਲਈ ਆਪਣੀ ਹਵੇਲੀ ਜਾਂਦਾ ਹਾਂ ਅਤੇ ਧਾਰਾ ਕੱਢਣ ਉਪਰੰਤ ਉਨ੍ਹਾਂ ਨੂੰ ਅੰਦਰ ਬੰਨ੍ਹ ਕੇ ਆਉਂਦਾ ਹਾਂ। ਮਿਤੀ 24 ਅਕਤੂਬਰ ਨੂੰ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਹਵੇਲੀ ਵਿੱਚ ਧਾਰਾਂ ਕੱਢਣ ਲਈ ਗਿਆ ਤਾਂ ਦੇਖਿਆ ਕਿ ਮੇਰੀ ਇੱਕ ਮੱਝ ਤੇ ਇੱਕ ਝੋਟੀ ਹਵੇਲੀ ‘ਚੋਂ ਗਾਇਬ ਸੀ ਤੇ ਆਪਣੀ ਮੱਝ ਤੇ ਝੋਟੀ ਨੂੰ ਹਵੇਲੀ ਦੇ ਆਸ ਪਾਸ ਲੱਭ ਰਿਹਾ ਸੀ ਕਿ ਅਚਾਨਕ ਮੇਰਾ ਚਾਚਾ ਕਸ਼ਮੀਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੀੜੀ ਅਫਗਾਨਾ ਮੈਨੂੰ ਮਿਲ ਪਿਆ ਤੇ ਮੈ ਉਸ ਨੂੰ ਮੱਝਾਂ ਗੁੰਮ ਹੋਣ ਬਾਰੇ ਦੱਸਿਆ ਤਾਂ ਉਸ ਨੇ ਮੈਨੂੰ ਦੱਸਿਆ ਕਿ ਅਮਾਨਤ ਖਾਂ ਜੋ ਕਿ ਆਪਣੀ ਭੈਣ ਕੋਲ ਪਿੰਡ ਫੁਲੜੇ ਰਹਿੰਦਾ ਹੈ ਉਹ ਅਤੇ ਸ਼ਿੰਦਾ ਸਿੰਘ ਪੁੱਤਰ ਦਲੀਪ ਸਿੰਘ, ਪਿੰਡ ਬੁਰਜ, ਨਿੰਦਰ ਸਿੰਘ ਪੁੱਤਰ ਮਨਾਗਰ ਸਿੰਘ ਵਾਸੀ ਦੇਹ ਲੀਡਰ ਪੁੱਤਰ ਮਨਾਗਰ ਸਿੰਘ, ਵਾਸੀ ਫੁਲੜਾ, ਸਮਸ਼ੇਰ ਸਿੰਘ ਪੁੱਤਰ ਨਿੰਦਰ ਸਿੰਘ ਵਾਸੀ ਫੁਲੜਾ ਇਹ ਚਾਰੇ ਆਦਮੀ ਤੇਰੇ ਡੰਗਰਾਂ ਨੂੰ ਫੜ੍ਹ ਕੇ ਲੈ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਮੈਂ ਆਪਣੀ ਅੱਖੀਂ ਦੇਖਿਆ ਹੈ। ਇਸ ਉਪਰੰਤ ਇਸ ਦੀ ਇਤਲਾਹ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਦਰਜ ਕਰਵਾਈ ਗਈ। ਮੁਖਬਰ ਦੀ ਇਤਲਾਹ ਤੇ ਏ.ਐੱਸ.ਆਈ. ਜੁਗਿੰਦਰ ਸਿੰਘ, ਹਵਾਲਦਾਰ ਸੰਤੋਖ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ, ਗੁਰਦਿਆਲ ਸਿੰਘ ਨੇ ਇਨ੍ਹਾਂ ਨੂੰ ਪਿੰਡ ਵਿਠਵਾਂ ਤੋਂ ਫੜ੍ਹ ਲਿਆ। ਪੁੱਛਗਿੱਛ ਦੌਰਾਨ ਇਨ੍ਹਾਂ ਨੇ ਇਕਬਾਲ ਕੀਤਾ ਕਿ ਇਨ੍ਹਾਂ ਨੇ ਦੋ ਹੋਰ ਮੱਝਾਂ ਪਿੰਡ ਭਾਗੋਵਾਲ ਤੋਂ ਵੀ ਚੋਰੀ ਕੀਤੀਆਂ ਹੋਈਆਂ ਹਨ। ਪੁਲਿਸ ਨੇ ਇਨ੍ਹਾਂ ਖਿਲਾਫ ਮੁਕਦਮਾ ਨੰਬਰ 128/ 25/10/13 ਤਹਿਤ ਧਾਰਾ 380/ 457/ਆਈ. ਪੀ. ਸੀ. ਦਰਜ ਕਰਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਇਨ੍ਹਾਂ ਦਾ ਪੰਜਵਾਂ ਸਾਥੀ ਨਿੰਦਰ ਸਿੰਘ ਅਜੇ ਵੀ ਫਰਾਰ ਹੈ।