June 23, 2026 12:35 pm

ਡੀ.ਟੀ.ਓ. ਦਫ਼ਤਰ ‘ਚ ਏਜੰਟਾਂ ਦੀ ਸਰਦਾਰੀ ਕਾਰਨ ਲੋਕ ਪ੍ਰੇਸ਼ਾਨ

ਫ਼ਰੀਦਕੋਟ, 30 ਅਕਤੂਬਰ (ਗੁਰਪ੍ਰੀਤ ਸਿੰਘ)-ਇੱਥੋਂ ਦੇ ਜਿਲ੍ਹਾ ਟਰਾਂਸਪੋਰਟ ਦਫ਼ਤਰ ਤੋਂ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਜਿੱਥੇ ਮੁਲਾਜ਼ਮਾਂ ਦੀ ਵੱਡੀ ਘਾਟ ਹੈ ਅਤੇ ਸਮੁੱਚਾ ਦਫ਼ਤਰ ਨਿੱਜੀ ਏਜੰਟਾਂ ਦੇ ਆਸਰੇ ਚੱਲ ਰਿਹਾ ਹੈ, ਵਿੱਚ ਕਰੀਬ 1200 ਵਹੀਕਲਾਂ ਨੂੰ ਤਿੰਨ ਮਹੀਨੇ ਬਾਅਦ ਵੀ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਹੋ ਸਕੇ। ਜਦੋਂਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਹੋਏ ਚਲਾਨ ਮਹੀਨਿਆਂ ਬਾਅਦ ਵੀ ਨਹੀਂ ਭੁਗਤੇ ਜਾ ਰਹੇ। ਟਰਾਂਸਪੋਰਟ ਦਫ਼ਤਰ ਵਿੱਚ ਪੁੱਜੇ ਪਰਮਜੀਤ ਸਿੰਘ, ਦਿਲਪ੍ਰੀਤ ਕੌਰ, ਰਜਿੰਦਰ ਸਿੰਘ, ਗੁਰਜੀਤ ਸਿੰਘ ਅਤੇ ਰਾਜਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਟਰੈਫ਼ਿਕ ਪੁਲੀਸ ਨੇ ਅਗਸਤ ਮਹੀਨੇ ਵਿੱਚ ਚਲਾਨ ਕੀਤੇ ਸਨ ਅਤੇ ਉਹ ਚੌਥੀ ਵਾਰ ਟਰਾਂਸਪੋਰਟ ਦਫ਼ਤਰ ‘ਚ ਚਲਾਨ ਭਰਨ ਲਈ ਆਏ ਹਨ ਪਰੰਤੂ ਉਹਨਾਂ ਨੂੰ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਚਲਾਨ ਭੁਗਤਾਉਣ ਲਈ ਮਿਲਿਆ ਅਤੇ ਉਹਨਾਂ ਨੇ ਮਜ਼ਬੂਰੀ ਵਿੱਚ ਨਿੱਜੀ ਏਜੰਟਾਂ ਰਾਹੀਂ ਚਲਾਨ ਭੁਗਤੇ ਹਨ। ਇਕੱਤਰ ਹੋਏ ਲੋਕਾਂ ਨੇ ਦੋਸ਼ ਲਾਇਆ ਕਿ ਨਿੱਜੀ ਏਜੰਟ ਲੋਕਾਂ ਦੀ ਲੁੱਟ ਕਰ ਰਹੇ ਹਨ ਪਰੰਤੂ ਪ੍ਰਸ਼ਾਸ਼ਨ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਦੇ ਅਹਿਮ ਰਜਿਸਟਰ ਨਿੱਜੀ ਏਜੰਟਾਂ ਕੋਲ ਹਨ ਅਤੇ ਦਫ਼ਤਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਵਹੀਕਲਾਂ ਦੇ ਕਾਗਜ਼ਾਤ ਆਦਿ ਤਿਆਰ ਕੀਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਜਿਲ੍ਹਾ ਪੁਲੀਸ ਨੇ ਫ਼ਰੀਦਕੋਟ ਦੇ ਜਾਅਲੀ ਨੰਬਰਾਂ ਵਾਲੀਆਂ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਡੀ.ਟੀ.ਓ. ਫ਼ਰੀਦਕੋਟ ਦੀ ਬਦਲੀ ਹੋਣ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਦਫ਼ਤਰ ਦੀ ਕੋਈ ਡਾਕ ਨਹੀਂ ਨਿੱਕਲੀ ਅਤੇ ਲੋਕਾਂ ਦੇ ਜ਼ਰੂਰੀ ਕੰਮ ਵੀ ਰੁਕੇ ਹੋਏ ਹਨ। ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤਇਅਬ ਨੇ ਕਿਹਾ ਕਿ ਟਰਾਂਸਪੋਰਟ ਵਿੱਚ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਉਹਨਾਂ ਦੇ ਧਿਆਨ ਵਿੱਚ ਹਨ ਅਤੇ ਜਲਦ ਹੀ ਉਹਨਾਂ ਦਾ ਹੱਲ ਕੀਤਾ ਜਾਵੇਗਾ।

Send this to a friend