ਸਵਾਇਨ ਫਲੂ ਦੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ
ਜਲੰਧਰ 24 ਅਗਸਤ 2017 – ਜ਼ਿਲ੍ਹੇ ਅੰਦਰ ਸਵਾਇਨ ਫਲੂ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਜਿਸ ਲਈ ਸਿਵਲ ਹਸਪਤਾਲ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋੜ ਅਨੁਸਾਰ ਸਵਾਇਨ ਫਲੂ ਦੇ ਸ਼ੱਕੀ ਮਰੀਜ਼ਾਂ ਅਤੇ ਪੌਜੀਟਿਵ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ.ਰਘੁਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 10 ਸਵਾਇਨ ਫਲੂ ਦੇ ਕੇਸ ਪੌਜੀਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਓ.ਪੀ.ਡੀ.ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਦੇਖਣ ਦੇ ਲਈ ਫਲੂ ਕਾਰਨਰ ਬਣਾਏ ਗਏ ਹਨ ਜਿਥੇ ਸ਼ੱਕੀ ਮਰੀਜ਼ਾਂ ਨੂੰ ਦਵਾਈ ਦੇ ਦਿੱਤੀ ਜਾਂਦੀ ਹੈ। ਡਾ.ਰੰਧਾਵਾ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਬਿਮਾਰੀ ਤੋਂ ਨਜਿੱਠਣ ਦੇ ਲਈ ਉਚਿਤ ਮਾਤਰਾ ਵਿੱਚ ਦਵਾਈਆਂ, ਐਨ-95 ਮਾਸਕ, ਪਰਸਨਲ ਪ੍ਰੋਟੈਕਸ਼ਨ ਕਿਟਸ, ਜ਼ਿਲ੍ਹਾ ਹਸਪਤਾਲ, ਸੀ.ਐਚ.ਸੀਜ ਅਤੇ ਐਸ.ਡੀ.ਐਚ ਲੈਵਲ ’ਤੇ ਉਪਲਬੱਧ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਸਵਾਈਨ ਫਲੂ ਦੇ ਲਈ ਆਈਸੂਲੇਸ਼ਨ ਵਾਰਡ ਅਤੇ ਵੱਖਰੇ ਵੈਂਟੀਲੇਟਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਸਵਾਇਨ ਫਲੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਬਿੱਲਕੁਲ ਮੁਫ਼ਤ
ਦਿੱਤੀਆਂ ਜਾਂਦੀਆਂ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਵਾਇਨ ਫਲੂ ਦੇ ਪੌਜੀਟਿਵ ਕੇਸਾਂ ਵਿੱਚ ਮਰੀਜਾਂ ਦੇ ਘਰਾਂ ਦਾ ਦੌਰਾ ਕਰਕੇ ਪਰਿਵਾਰਕ ਮੈਂਬਰਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਅਹਿਤਿਆਤ ਦੇ ਤੌਰ ’ਤੇ ਪਹਿਲਾਂ ਦਵਾਈ ਦੇ ਦਿੱਤੀ ਜਾਂਦੀ ਹੈ ਅਤੇ ਆਲੇ-ਦੁਆਲੇ ਦੇ ਘਰਾਂ ਵਿੱਚ ਸਰਵੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕ ਇਸ ਪ੍ਰਤੀ ਜਾਗਰੂਕ ਹੋਣ ਕਿ ਸਵਾਇਨ ਫਲੂ ਇਕ ਛੂਤ ਦੀ ਬਿਮਾਰੀ ਹੈ ਜੋ ਕਿ ਐਚ-1,ਐਨ-1 ਦੇ ਵਾਇਰਸ ਕਾਰਨ ਹੁੰਦਾ ਹੈ ਜੋ ਕਿ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੁੰਦੀ ਹੈ ਜਿਸ ਦੀ ਰੋਕਥਾਮ ਲਈ ਜਾਗਰੂਕਤਾ ਜਰੂਰੀ ਹੈ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤੱਕ ਪੁੱਜਦਾ ਹੈ। ਉਨ੍ਹਾਂ ਦੱਸਿਆ ਕਿ ਤੇਜ ਬੁਖਾਰ ( 101 ਤੋਂ ਉਪਰ) ਗਲੇ ਵਿੱਚ ਦਰਦ ,ਖਾਂਸੀ ਅਤੇ ਜੁਕਾਮ ,ਛਿੱਕਾਂ ਆਉਣੀਆਂ ਜਾਂ ਨੱਕ ਵਗਣਾ ,ਸਰੀਰ ਟੁੱਟਦਾ ਮਹਿਸੂਸ ਹੋਣਾ, ਸਾਹ ਆਉਣ ਵਿੱਚ ਤਕਲੀਫ਼ ਆਦਿ ਸਵਾਇਨ ਫਲੂ ਦੇ ਲੱਛਣ ਹਨ। ਸਵਾਇਨ ਫਲੂ ਤੋਂ ਬਚਾਅ ਸਬੰਧੀ ਦੱਸਦਿਆ ਉਨ੍ਹਾਂ ਕਿਹਾ ਕਿ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਆਪਣੇ ਨੱਕ, ਮੂੰਹ ਤੇ ਅੱਖਾਂ ਨੂੰ ਛੂਹਣ ਤੋਂ ਬਾਅਦ ਤੇ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਏ ਜਾਣ,ਭੀੜ ਵਾਲੀਆਂ ਥਾਵਾਂ ’ਤੇ ਨਾ ਜਾਓ,ਬਿਮਾਰੀ ਤੋਂ ਪੀੜਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ ਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਵਾਈਨ ਫਲੂ ਵਾਲੇ ਮਰੀਜਾਂ ਨੂੰ ਕਿਸੇ ਨਾਲ ਹੱਥ ਮਿਲਾਉਣ ਜਾਂ ਗਲੇ ਮਿਲਣ ਆਦਿ, ਬਾਹਰ ਅਤੇ ਖੁੱਲੇ ਵਿੱਚ ਥੁੱਕਣ ਆਦਿ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਤਨਾਅ ਮੁਕਤ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੇ ਵਿੱਚ ਤਬਦੀਲੀ ਕਾਰਨ ਜੇ ਕਿਸੇ ਵੀ ਵਿਅਕਤੀ ਨੂੰ ਬੁਖਾਰ ਜਾਂ ਕੋਈ ਵੀ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨਜ਼ਦੀਕੀ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨ।