ਸਰਪੰਚ ਵੱਲੋਂ ਦੋਸ਼ਾਂ ਦਾ ਖੰਡਨ, ਡਿਪੂ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀ
ਮਾਜਰੀ 24 ਅਗੱਸਤ – ਪਿੰਡ ਤੋਗਾਂ ਦੇ ਵਸਨੀਕ ਤੇ ਡਿਪੂ ਹੋਲਡਰ ਸੁਖਵਿੰਦਰ ਸਿੰਘ ਨੇ ਪਿੰਡ ਸੰਗਾਲਾ ਦੇ ਕਾਂਗਰਸੀ ਸਰਪੰਚ ਅਤੇ ਉਸਦੇ ਭਰਾ ਤੇ ਕਣਕ ਦੀ ਵੰਡ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਲਿਖਤੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਜਦੋਂ ਬਾਂਸੇਪੁਰ ਡਿਪੂ ਵਿਖੇ ਬਾਂਸ਼ੇਪੁਰ ਅਤੇ ਤੋਗਾਂ ਦੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਗਿਆ ਤਾਂ ਪਿੰਡ ਸੰਗਾਲਾ ਦੇ ਕਾਂਗਰਸੀ ਸਰਪੰਚ ਪ੍ਰਭਜੀਤ ਸਿੰਘ ਦੇ ਭਰਾ ਸੁਖਜੀਵਨ ਸਿੰਘ ਰਮਨ ਨੇ ਆਕੇ ਉਸ ਤੋਂ ਕਾਰਡ ਧਾਰਕਾਂ ਦੀ ਲਿਸਟ ਮੰਗੀ ਅਤੇ ਉਸ ਨੂੰ ਗਾਲੀ ਗਲੋਚ ਕਰਦਿਆਂ ਡਿਪੂ ਦਾ ਸਰਕਾਰੀ ਰਿਕਾਰਡ ਚੁੱਕ ਕੇ ਲੈ ਗਿਆ। ਉਸਨੇ ਦੱਸਿਆ ਕਿ ਉਕਤ ਕਾਂਗਰਸੀ ਸਰਪੰਚ ਅਤੇ ਕਈ ਕਾਂਗਰਸੀ ਆਗੂ ਆਏ ਦਿਨ ਉਸ ਨੂੰ ਧਮਕੀਆਂ ਦਿੰਦੇ ਹਨ ਕਿ ਅਕਾਲੀ ਸਰਕਾਰ ਮੌਕੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਤੂੰ ਅਕਾਲੀਆਂ ਦੇ ਨੀਲੇ ਕਾਰਡ ਬਣਾਏ ਸਨ, ਜਿਨਾਂ ਨੂੰ ਹੁਣ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਦੇ ਹੁਕਮਾਂ ਤੇ ਕਟਵਾ ਦੇਣਗੇ। ਜਿਸ ਬਾਰੇ ਉਸਨੇ ਤੁਰੰਤ ਥਾਣਾ ਮੁੱਲਾਂਪੁਰ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ। ਜਿਸ ਉਪਰੰਤ ਉਸੀ ਸ਼ਾਮ ਉਸ ਨੂੰ ਇਲਕੇ ਦੇ ਕਾਂਗਰਸੀ ਸੰਮਤੀ ਮੈਂਬਰ ਨੇ ਆਪਣੇ ਘਰ ਬੁਲਾਇਆ, ਜਿਥੇ ਕਿ ਉਕਤ ਸਰਪੰਚ ਵੀ ਹਾਜ਼ਰ ਸੀ। ਉਨਾਂ ਮੇਰੇ ਨਾਲ ਫ਼ੈਸਲੇ ਸਬੰਧੀ ਗੱਲ ਕਰਦਿਆਂ ਸਰਪੰਚ ਨੇ ਮੇਰੀ ਗੱਲ ਸੁਣਨ ਦੀ ਬਜਾਏ ਗਾਲਾ ਕੱਢਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਮੇਰਾ ਅਪ੍ਰੇਸ਼ਨ ਹੋਇਆ ਹੋਣ ਕਾਰਨ ਮੇਰੀ ਵੱਖੀ ’ਚ ਦਰਦ ਸ਼ੁਰੂ ਹੋ ਗਿਆ। ਇਸ ਮੌਕੇ ਉਹ ਘਟਨਾ ਤੋਂ ਜਾਣੂ ਕਰਵਾਉਣ ਲਈ ਤੁਰੰਤ ਮੁੜ ਥਾਣਾ ਪੁਲਿਸ ਕੋਲ ਗਿਆ, ਜਿਥੇ ਉਸਦੀ ਤਕਲੀਫ਼ ਵਧਦੀ ਵੇਖ ਪੁਲਿਸ ਨੇ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਖਰੜ ਵਿਖੇ ਭੇਜ ਦਿੱਤਾ। ਦੂਜੇ ਪਾਸੇ ਜਿਲਾ ਡਿਪੂ ਹੋਲਡਰ ਯੂਨੀਅਨ ਦੇ ਆਗੂ ਨਫ਼ੇ ਸਿੰਘ, ਪ੍ਰਮੋਦ ਕੁਮਾਰ, ਦਿਲਬਾਗ ਸਿੰਘ ਬੈਂਸ ਅਤੇ ਧਰਮਪਾਲ ਬਾਂਸਲ ਨੇ ਪੁਲਿਸ ਤੋਂ ਪੀੜਤ ਨੂੰ ਇਨਸਾਫ਼ ਦੇਣ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਬਾਰੇ ਸਰਪੰਚ ਪ੍ਰਭਜੀਤ ਸਿੰਘ ਨਾਲ ਗੱਲ ਕਰਨ ਤੇ ਉਨਾਂ ਉਕਤ ਦੋਸ਼ਾਂ ਦਾ ਖੰਡਨ ਕੀਤਾ, ਪਰ ਉਨਾਂ ਮੰਨਿਆ ਕਿ ਉਸ ਦੇ ਭਰਾ ਨੇ ਲਿਸਟ ਜਰੂਰ ਮੰਗੀ ਸੀ, ਜੋ ਡਿਪੂ ਹੋਲਡਰ ਸੁਖਵਿੰਦਰ ਸਿੰਘ ਨੇ ਉਨਾਂ ਨੂੰ ਨਹੀਂ ਦਿੱਤੀ। ਇਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।