ਬੋਹਾ, 18 ਅਗਸਤ (ਸੰਤੋਖ ਸਾਗਰ)- ਬੋਹਾ ਪੁਲੀਸ ਨੂੰ ਝੇਡਾਲ ਬਰਾਂਚ ਸੂਆ ਮਲਕੋਂ ਤੋਂ ਮਿਲੀ ਲਵਾਰਸ ਲਾਸ਼ ਦਾ ਸੰਸਕਾਰ ਅੱਜ ਪ੍ਰੈਸ ਕਲੱਬ ਬੋਹਾ ਵੱਲੋਂ ਸਮਾਜਿਕ ਰੀਤੀ ਰਿਵਾਜ਼ਾ ਅਨੁਸਾਰ ਬੋਹਾ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।ਥਾਨਾ ਬੋਹਾ ਵਿਖੇ ਤਾਇਨਾਤ ਹਵਲਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਲ਼ੰਘੀ 15 ਅਗਸਤ ਨੂੰ ਗਰਾਮ ਪੰਚਾਇਤ ਮਲਕੋਂ ਦੇ ਸਰਪੰਚ ਪਿਆਰਾ ਸਿੰਘ ਨੇ ਬੋਹਾ ਪੁਲੀਸ ਨੂੰ ਇਸ ਲਾਸ਼ ਬਾਰੇ ਇਤਲਾਹ ਕੀਤੀ। ਲਾਸ਼ ਬੁਰੀ ਤਰਾਂ ਗਲ ਸੜਨ ਕਾਰਨ ਇਸ ਦੀ ਖੱਬੀ ਲੱਤ ਤੇ ਸੱਜਾ ਹੱਥ ਪੂਰੀ ਤਰ੍ਹਾ ਖਤਮ ਸੀ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਇਸਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤਾ। ਇਨਸਾਨੀ ਮਰਗ ਹੋਣ ਕਾਰਨ 174 ਦੀ ਕਾਰਵਾਈ ਕਰਨ ਮਗਰੋਂ ਲਵਾਰਸ ਲਾਸ਼ ਸਰਕਾਰੀ ਹਸਪਤਾਲ ਬੁਢਲਾਡਾ ਵਿੱਚ 72 ਘੰਟੇ ਰੱਖਣ ਤੋਂ ਬਾਅਦ ਨਗਰ ਪੰਚਾਇਤ ਬੋਹਾ ਦੇ ਸਹਿਯੋਗ ਨਾਲ ਇਸ ਦਾ ਸੰਸਕਾਰ ਪ੍ਰੈਸ ਕਲੱਬ ਬੋਹਾ ਨੇ ਸਥਾਨਿਕ ਸ਼ਮਸ਼ਾਨ ਵਿੱਚ ਕਰ ਦਿੱਤਾ। ਇਸ ਮੌਕੇ ਨਗਰ ਪੰਚਾਇਤ ਬੋਹਾ ਦੇ ਅਧਿਕਾਰੀ ਧਰਮਪਾਲ, ਰਿੰਪੀ ਗਰਚਾ, ਸਮਾਜ ਸੇਵੀ ਗਰਦਾਸ ਸਿੰਘ ਗਾਦੜਪੱਤੀ, ਬੋਹਾ ਪ੍ਰੈਸ ਤੋਂ ਜਸਪਾਲ ਸਿੰਘ ਜੱਸੀ, ਸੰਤੋਖ ਸਿੰਘ,ਸਿਕੰਦਰ ਸਿੰਘ ਅਤੇ ਬੋਹਾ ਪੁਲਿਸ ਦੇ ਹਵਲਦਾਰ ਮਖਤਿਆਰ ਸਿੰਘ, ਪਰਲਾਦ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।