ਸਵਾਈਨ ਫਲੂ ਤੋਂ ਚੌਕਸੀ ਸਬੰਧੀ ਪ੍ਰਾਈਵੇਟ ਡਾਕਟਰਾਂ ਤੇ ਲੋਕਾਂ ਨੂੰ ਕੀਤਾ ਜਾਗਰੂਕ

ਤਪਾ ਮੰਡੀ/ਭਦੌੜ, 18 ਅਗਸਤ (ਖੁਸ਼ਦੀਪ ਗਰਗ, ਸੰਜੀਵ ਕੁਮਾਰ)- ਸਿਵਲ ਸਰਜਨ ਬਰਨਾਲਾ ਡਾ. ਸੰਪੂਰਨ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਦੀ ਅਗਵਾਈ ਵਿਚ ਸਬ ਡਵੀਜ਼ਨਲ ਹਸਪਤਾਲ ਤਪਾ ਵਿੱਖੇ ਸਵਾਈਨ ਫ਼ਲੂ ਤੋਂ ਸੰਭਾਵੀ ਖਤਰੇ ਦੇ ਮਦੇਨਜ਼ਰ ਸ਼ਹਿਰ ਦੇ ਪ੍ਰਾਈਵੇਟ ਪਰੈਕਟਿਸ ਕਰ ਰਹੇ ਡਾਕਟਰਾਂ ਨੂੰ ਚੌਕਸੀ ਵਰਤਣ ਅਤੇ ਸ਼ਕੀ ਮਰੀਜਾਂ ਨੂੰ ਤੁਰੰਤ ਰੈਫਰ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਸਿਵਿਲ ਹਸਪਤਾਲ ਵਿੱਖੇ ਸੇਵਾ ਨਿਭਾ ਰਹੇ ਮੈਡੀਸਨ ਮਾਹਰ ਡਾ. ਸਤਿੰਦਰਪਾਲ ਸਿੰਘ ਬੁਟਰ ਨੇ ਦਸਿਆ ਕਿ ਸਵਾਈਨ ਫਲੂ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹਵਾ ਰਾਹੀਂ ਫੈਲਦਾ ਹੈ। ਇਸਦੇ ਮੁਖ ਲਛਣ ਬੁਖਾਰ, ਜੁਕਾਮ, ਖਾਂਸੀ, ਗਲਾਂ ਦੁੱਖਣਾ, ਡਾਇਰੀਆ, ਉਲਟੀਆਂ ਅਤੇ ਸਾਹ ਵਿਚ ਤਕਲੀਫ ਹੋਣਾ ਹੈ। ਇਸ ਤੋਂ ਬਚਾਅ ਦੇ ਉਪਰਾਲੇ ਵਜੋਂ ਖੰਘਦੇ ਜਾਂ ਛਿਕਦੇ ਸਮੇਂ ਆਪਣਾ ਮੂੰਹ ਤੇ ਨਕ ਰੁਮਾਲ ਨਾਲ ਢਕ ਕੇ ਰਖਣੇ ਚਾਹੀਦੇ ਹਨ ਅਤੇ ਵਾਰ ਵਾਰ ਆਪਣੇ ਹਥ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਜਿਹੜੇ ਵਿਅਕਤੀ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਗਰਭਵਤੀ ਔਰਤਾਂ, ਸ਼ੂਗਰ ਤੋਂ ਪੀੜਤ ਤੇ ਬਜੁਰਗਾਂ ਨੂੰ ਖਾਸ ਪਰਹੇਜ਼ ਰਖਣ ਦੀ ਜਰੂਰਤ ਹੈ। ਉਨਾਂ ਦਸਿਆ ਕਿ ਭੀੜ ਭਰੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਅਜਿਹੇ ਲਛਣ ਵਾਲੇ ਵਿਅਕਤੀ ਤੋਂ ਘਟੋ ਘਟ ਇਕ ਮੀਟਰ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ।ਬਚਾਅ ਲਈ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਉਹਨਾਂ ਦਸਿਆ ਕਿ ਸਵਾਈਨ ਫਲੂ ਦੇ ਇਨ੍ਹਾਂ ਸੰਭਾਵੀ ਲਛਣਾਂ ਨੂੰ ਵੇਖਦਿਆਂ ਤੁਰੰਤ ਨੇੜੇ ਦੇ ਮਾਹਿਰ ਡਾਕਟਰ ਤੋਂ ਸਲਾਹ ਲੈਣੀ ਅਤੇ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਡਾ. ਬੁਟਰ ਨੇ ਡਾਕਟਰਾਂ ਤੇ ਸਹਾਇਕ ਅਮਲੇ ਨੂੰ ਚੌਕਸੀ ਵਰਤਦਿਆਂ ਖੁਦ ਵੀ ਮਾਸਕ ਪਹਿਣ ਕੇ ਰਖਣ ਲਈ ਕਿਹਾ। ਇਸ ਮੌਕੇ ਡਾ. ਯਸ਼ ਪਾਲ, ਡਾ. ਨਰੇਸ਼ ਬਾਂਸਲ, ਡਾ. ਕ੍ਰਿਸ਼ਨ ਕੁਮਾਰ, ਡਾ. ਰਾਜ ਸ਼ਰਮਾ, ਡਾ. ਵਿਜੇ ਗਰਗ, ਡਾ. ਗੁਰਜੀਤ ਸਿੰਘ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ ਮੌਜੂਦ ਸਨ।

Send this to a friend