ਸੁਵਿਧਾ ਕਰਮਚਾਰੀ ਯੂਨੀਅਨ ਨੇ ਦਿੱਤਾ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ

ਸਾਦਿਕ, 17 ਅਗਸਤ (ਗੁਲਜ਼ਾਰ ਮਦੀਨਾ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ, ਪੰਜਾਬ ਦੇ ਸੱਦੇ ਤੇ ਅੱਜ ਪੰਜਾਬ ਵਿੱਚ ਆਜਾਦੀ ਦਿਹਾੜੇ ਤੇ ਝੰਡਾ ਲਹਿਰਾਉਣ ਵਾਲੇ ਮੁੱਖ ਮਹਿਮਾਨ ਨੂੰ ਯੂਨੀਅਨ ਦੀਆਂ ਮੰਗਾਂ ਸੰਬੰਧੀ ਇੱਕ ਲਿਖਤੀ ਪੱਤਰ ਸੌਂਪਿਆ ਗਿਆ ਜਿਸ ਦੀ ਕੜੀ ਤਹਿਤ ਅੱਜ ਇਕਾਈ ਫ਼ਰੀਦਕੋਟ ਵੱਲੋਂ ਵੀ ਸੂਬਾ ਪ੍ਰਧਾਨ ਰਵਿੰਦਰ ਰਵੀ ਅਤੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗਾਂ ਸੰਬੰਧੀ ਜਾਣੂੰ ਕਰਵਾਉਂਦਿਆਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਵਿੰਦਰ ਰਵੀ ਅਤੇ ਦਾਰਾ ਸਿੰਘ ਨੇ ਦੱਸਿਆ ਕਿ ਬੇਰੁਜ਼ਗਾਰੀ ਦੀ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਨੌਜਵਾਨ ਪੜ੍ਹੇ ਲਿਖੇ ਸੁਵਿਧਾ ਕਾਮਿਆਂ ਵੱਲੋਂ ਆਜ਼ਾਦੀ ਦਿਹਾੜੇ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ 14 ਅਗਸਤ ਨੂੰ ਦਰਜਾਚਾਰ ਕਰਮਚਾਰੀ ਯੂਨੀਅਨ ਦੇ ਸਹਿਯੋਗ ਨਾਲ ਭੁੱਖ ਹੜਤਾਲ ਕੀਤੀ ਗਈ ਸੀ ਅਤੇ ਅੱਜ ਮੁੱਖ ਮਹਿਮਾਨਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ।ਉਨ੍ਹਾਂ ਆਪਣੀਆਂ ਮੰਗਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਸੁਵਿਧਾ ਕਾਮੇ ਲਗਾਤਾਰ 12 ਸਾਲ ਪੰਜਾਬ ਦੇ ਸੁਵਿਧਾ ਸੈਂਟਰਾਂ ਵਿੱਚ ਤਨਦੇਹੀ ਨਾਲ ਕੰਮ ਕਰਦੇ ਰਹੇ ਹਨ ਪਰ ਅਕਾਲੀ ਭਾਜਪਾ ਸਰਕਾਰ ਨੇ ਇਸ ਸਭ ਤੋਂ ਅੱਖਾਂ ਬੰਦ ਕਰਕੇ ਸਾਰੇ ਕਾਮਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਸੀ।ਹੁਣ ਕਾਂਗਰਸ ਸਰਕਾਰ ਪਾਸੋਂ ਉਮੀਦਾਂ ਲਾਈਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਚੋਣਾਂ ਦੌਰਾਨ ਸੁਵਿਧਾ ਕਾਮਿਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ ਇੱਕ ਦਿਨ ਜ਼ਰੂਰ ਉਨ੍ਹਾਂ ਨੂੰ ਰੁਜ਼ਗਾਰ ਵਾਪਸ ਦੁਆਏਗਾ।ਇਸ ਮੌਕੇ ਸਾਜਨ ਸਡਾਨਾ, ਸੋਮੀ ਕੁਮਾਰ, ਨਿਤਿਨ ਕੁਮਾਰ, ਵਿਸ਼ਾਲ ਨਰੂਲਾ, ਕੁਲਜੀਤ ਸਿੰਘ, ਲਛਮਣ ਸਿੰਘ ਤੋਂ ਇਲਾਵਾ ਹੋਰ ਵੀ ਸੁਵਿਧਾ ਕਰਮਚਾਰੀ ਹਾਜ਼ਰ ਸਨ।

Send this to a friend