ਜਲੰਧਰ-‘ਅਜੀਤ ਪ੍ਰਕਾਸ਼ਨ ਸਮੂਹ’ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਬੈਂਕ ਇਸ ਵੇਲੇ ਕਾਮਯਾਬੀ ਦੇ ਸਿਖ਼ਰ ‘ਤੇ ਆਪਣੀ ਮਿਹਨਤ ਤੇ ਲਗਨ ਕਰਕੇ ਪੁੱਜਾ ਹੈ। ਡਾ. ਹਮਦਰਦ ਸ਼ਨਿਚਰਵਾਰ ਨੂੰ ਬੈਂਕ ਦੀ 24ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਬੈਂਕ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਉਹ ਭਾਵੁਕ ਤੌਰ ‘ਤੇ ਬੈਂਕ ਨਾਲ ਜੁੜੇ ਹੋਏ ਹਨ ਤੇ ਹਮੇਸ਼ਾ ਇਹੋ ਕਾਮਨਾ ਕਰਦੇ ਰਹੇ ਹਨ ਕਿ ਬੈਂਕ ਸਾਰੇ ਪੰਜਾਬ ‘ਚ ਹਮੇਸ਼ਾ ਤਰੱਕੀ ਕਰਦਾ ਰਹੇ। ਮੁੱਖ ਸੰਸਦੀ ਸਕੱਤਰ ਸ੍ਰੀ ਕ੍ਰਿਸ਼ਨ ਦੇਵ ਭੰਡਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੋਕਾਂ ਦਾ ਇਸ ਬੈਂਕ ‘ਚ ਸਾਲਾਂ ਤੋਂ ਭਰੋਸਾ ਹੈ, ਜਿਸ ਕਾਰਨ ਬੈਂਕ ਦਾ ਕਾਰੋਬਾਰ ਦੇ ਨਾਲ-ਨਾਲ ਮੁਨਾਫ਼ਾ ਵੀ ਲਗਾਤਾਰ ਵੱਧ ਰਿਹਾ ਹੈ। ਇਸ ਮੌਕੇ ਬੈਂਕ ਦੇ ਚੇਅਰਮੈਨ ਤੇ ਨੈਸ਼ਨਲ ਫੈਡਰੇਸ਼ਨ ਤੇ ਅਰਬਨ ਕੋਆਪ੍ਰੇਟਿਵ ਬੈਂਕ ਐਾਡ ਕਰੈਡਿਟ ਸੁਸਾਇਟੀਆਂ ਫੈਡਰੇਸ਼ਨ ਦੇ ਡਾਇਰੈਕਟਰ ਸ੍ਰੀ ਕੇ. ਕੇ. ਸ਼ਰਮਾ ਨੇ ਬੈਂਕ ਬਾਰੇ ਦੱਸਿਆ ਕਿ ਬੈਂਕ ਨੂੰ ਸਾਲ 2012-13 ਵਿੱਚ 4.20 ਕਰੋੜ ਦਾ ਮੁਨਾਫ਼ਾ ਹੋਇਆ ਹੈ ਤੇ ਬੈਂਕ ਦਾ ਕਾਰੋਬਾਰ 700 ਕਰੋੜ ਤੋਂ ਵੀ ਪਾਰ ਕਰ ਗਿਆ ਹੈ। ਬੈਂਕ ਦੇ ਸ਼ੇਅਰ ਹੋਲਡਰਾਂ ਨੂੰ 11 ਫ਼ੀਸਦੀ ਡਿਵੀਡੈਂਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ਰਮਾ ਨੇ ਦੱਸਿਆ ਕਿ ਬੈਂਕ ਨੇ ਸਫਲਤਾ ਦਾ ਸਿਹਰਾ ਸਮੂਹ ਮੁਲਾਜ਼ਮਾਂ ਨੂੰ ਦਿੱਤਾ। ਬੈਂਕ ਦੇ ਚੀਫ਼ ਐਗਜ਼ੀਕਿਊਟਵ ਅਫ਼ਸਰ ਸ੍ਰੀ ਐੱਸ. ਕੇ. ਮਲਹੋਤਰਾ ਨੇ ਬੈਂਕ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਡਾ. ਬਰਜਿੰਦਰ ਸਿੰਘ ਹਮਦਰਦ ਦੇ ਬੈਂਕ ਵਿਚ ਪਹੁੰਚਣ ‘ਤੇ ਬੈਂਕ ਦੇ ਸਟਾਫ਼ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਡਾ: ਹਮਦਰਦ ਨੇ ਸ਼ੇਅਰ ਹੋਲਡਰਾਂ ਡਿਵੀਡੈਂਡ ਵੀ ਵੰਡੇ। ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਪੰਡਤ ਰਾਮ ਸ਼ਰਮਾ ਦਾ ਸਨਮਾਨ ਕੀਤਾ ਤੇ ਬਾਅਦ ‘ਚ ਡਾ. ਹਮਦਰਦ ਤੇ ਕ੍ਰਿਸ਼ਨ ਦੇਵ ਭੰਡਾਰੀ ਨੇ ਸਾਂਝੇ ਤੌਰ ‘ਤੇ ਬੈਂਕ ਦਾ ਕੈਲੰਡਰ ਵੀ ਜਾਰੀ ਕੀਤਾ। ਬੈਂਕ ਨੇ ਇਸ ਮੌਕੇ 12ਵੀਂ ਜਮਾਤ ਵਿੱਚ ਸਾਇੰਸ ਸਟਰੀਮ ਵਿੱਚ ਟੌਪ ਕੀਤੇ ਦਵਿੰਦਰ ਪਾਲ ਸਿੰਘ ਤੇ ਡਰਾਈਵਰ ਸੁੱਚਾ ਸਿੰਘ ਦੇ ਲੜਕੇ ਪਰਮਜੀਤ ਸਿੰਘ ਨੂੰ 80 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਿਲ ਕਰਨ ‘ਤੇ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਇਸ ਮੌਕੇ ‘ਤੇ ਸ੍ਰੀਮਤੀ ਸੁਦਰਸ਼ਨ ਸ਼ਰਮਾ ਚੇਅਰਪਰਸਨ, ਸ੍ਰੀ ਪ੍ਰਦੁਮਣ ਸਿੰਘ ਜੌਲੀ, ਸ੍ਰੀ ਵਿਵੇਕ ਸ਼ਰਮਾ, ਸ੍ਰੀ ਗਿਰਧਾਰੀ ਲਾਲ, ਸ੍ਰੀ ਸੂਰਜ ਸੈਣੀ, ਸ੍ਰੀ ਰਾਕੇਸ਼ ਭਸੀਨ, ਸ੍ਰੀ ਅਮਰਜੀਤ ਸਿੰਘ, ਸ੍ਰੀ ਪ੍ਰਿਤਪਾਲ ਪਾਲੀ ਤੇ ਵੱਡੀ ਗਿਣਤੀ ਵਿੱਚ ਸ਼ੇਅਰ ਹੋਲਡਰ ਹਾਜ਼ਰ ਸਨ।