ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਕੋਇਲਾ ਘੁਟਾਲੇ ਦੀ ਜਾਂਚ ਕਰ ਕੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਸੁਪਰੀਮ ਕੋਰਟ ‘ਚ ਆਪਣੀ ਸਥਿਤੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਹ ਰਿਪੋਰਟ ਸੀਲਬੰਦ ਲਿਫ਼ਾਫ਼ੇ ‘ਚ ਪੇਸ਼ ਕੀਤੀ ਗਈ ਹੈ। ਵਰਨਣਯੋਗ ਹੈ ਕਿ ਸੀ. ਬੀ. ਆਈ. ਨੇ ਇਸ ਮਾਮਲੇ ‘ਚ ਹੁਣ ਤੱਕ 14 ਮੁੱਢਲੀਆਂ ਸੂਚਨਾਵਾਂ ਦਾਇਰ ਕੀਤੀਆਂ ਹਨ। ਜਿਨ੍ਹਾਂ ਕੰਪਨੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ ਉਨ੍ਹਾਂ ‘ਚ ਏ. ਐੱਮ, ਆਰ. ਆਇਰਨ ਐਂਡ ਸਟੀਲ, ਜੇ. ਐੱਲ. ਡੀ. ਜਵਤਮਾਲ ਐਨਰਜੀ, ਵਿਨੀ ਆਇਰਨ ਐਂਡ ਸਟੀਲ ਉਦਯੋਗ, ਜੇ. ਐੱਸ. ਐੱਸ. ਇਨਫਰਾਸਟਰਕਚਰ ਕੈਪੀਟਲ ਪ੍ਰਾਈਵੇਟ ਲਿਮਟਿਡ, ਵਿਕਾਸ ਮੈਟਲਜ, ਗ੍ਰੇਸ ਇੰਡਸਟ੍ਰੀਜ, ਗਗਨ ਸਪੰਜ, ਜਿੰਦਲ ਸਟੀਲ ਐਂਡ ਪਾਵਰ, ਰਾਠੀ ਸਟੀਲ ਐਂਡ ਪਾਵਰ ਲਿਮਟਿਡ, ਝਾਰਖੰਡ ਇਸਪਾਤ, ਗ੍ਰੀਨ ਇਨਰਾਸਟਰਕਚਰ, ਕਮਲ ਸਪੰਜ, ਪੁਸ਼ਪ ਸਟੀਲ ਅਤੇ ਹਿੰਡਾਲਕੋ ਸ਼ਾਮਿਲ ਹੈ। ਕੋਲਾ ਘੁਟਾਲੇ ਦੀ ਜਾਂਚ ‘ਚ ਸੀ. ਬੀ. ਆਈ. ਦੀ ਨਵੀਂ ਐੱਫ. ਆਈ. ਆਰ. (ਮੁੱਢਲੀ ਸੂਚਨਾ) ਹੁਣ ਖੁਦ ਸਵਾਲਾਂ ਦੇ ਘੇਰੇ ‘ਚ ਹੈ। ਸੀ. ਬੀ. ਆਈ. ਦੀ ਇਸ ਐੱਫ. ਆਰ. ਆਈ. ‘ਚ ਜਿਨ੍ਹਾਂ ਕੰਪਨੀਆਂ ਦੇ ਨਾਂਅ ਹਨ, ਖੁਦ ਸਰਕਾਰ ਉਨ੍ਹਾਂ ਨੂੰ ਕਲੀਨ ਚਿੱਟ ਦੇ ਰਹੀ ਹੈ। ਸੀ.ਬੀ.ਆਈ. ਨੇ ਆਪਣੀ ਸਟੇਟਸ ਰਿਪੋਰਟ ਵਿੱਚ ਅਦਾਲਤ ਨੂੰ ਦੱਸਿਆ ਹੈ ਕਿ ਜਾਂਚ ਟੀਮ ਦੇ ਅਧਿਕਾਰੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਇੱਕ ਵਿਸ਼ੇਸ਼ ਪੱਤਰ ਭੇਜਣ ਦੀ ਤਿਆਰੀ ਕਰ ਰਹੇ ਹਨ, ਜਿਸ ਰਾਹੀਂ ਬਿਰਲਾ ਦੀ ਕੰਪਨੀ ਹਿੰਡਾਲਕੋ ਨੂੰ ਅਲਾਟ ਕੀਤੀਆਂ ਗਈਆਂ ਦੋ ਕੋਇਲਾ ਖਾਣਾਂ ਬਾਰੇ ਵਿੱਚ ਸਾਰੇ ਦਸਤਾਵੇਜ ਅਤੇ ਪੱਤਰ ਸੀ.ਬੀ.ਆਈ. ਨਾਲ ਸਾਂਝੇ ਕਰਨ ਲਈ ਆਖਿਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਪਿੱਛਲੇ ਦਿਨੀ ਬਿਰਲਾ ਦੀ ਕੰਪਨੀ ਕੋਇਲਾ ਖਾਣਾਂ ਅਲਾਟ ਕਰਨ ਨੂੰ ਜਾਇਜ਼ ਠਹਿਰਾਇਆ ਸੀ। ਇਸ ਅਹਿਮ ਕੇਸ ਵਿੱਚ ਬਿਰਲਾ ਵੀ ਇੱਕ ਸਹਿ ਮੁਲਜ਼ਮ ਹਨ। ਵਿਰੋਧੀ ਧਿਰ ਅਤੇ ਸਾਬਕਾ ਕੋਇਲਾ ਸਕੱਤਰ ਵੱਲੋਂ ਇਸ ਕੇਸ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਹਿ ਦੋਸ਼ੀ ਬਣਾਉਣ ਦੀ ਮੰਗ ਕੀਤੀ ਗਈ ਹੈ। ਸੀ.ਬੀ.ਆਈ. ਵੱਲੋਂ ਨੋਟਿਸ ਭੇਜੇ ਜਾਣ ਤੋਂ ਬਾਅਦ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਜਾਂਚ ਵਿੱਚ ਸ਼ਾਮਿਲ ਹੋਣਾ ਪਵੇ।