ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਵਾਤਾਵਰਣ ਤਹਿਤ ਬੂਟੇ ਲਗਾਏ
ਬਹਾਦਰਗੜ੍ਹ/ਪਟਿਆਲਾ, 12 ਅਗਸਤ- ਅੱਜ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੂਟੇ ਲਗਾਉਂਦਿਆਂ ਵਾਤਾਵਰਣ ਮੁਹਿੰਮ ਤਹਿਤ ਆਰੰਭੀ ਲੜੀ ਨੂੰ ਅਗਾਂਹ ਤੋਰਦਿਆਂ ਹਰ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਜਿਥੇ ਸਾਨੂੰ ਅੱਗੇ ਆਉਣਾ ਚਾਹੀਦਾ ਹੈ, ਉਥੇ ਸੁਚੇਤ ਹੋਣਾ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਾਤਾਵਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਣ ਨੂੰ ਬਚਾਉਣ ਲਈ ਗੁਰਬਾਣੀ ਦੇ ਫਲਸਫੇ ‘ਪਵਨ ਗੁਰੂ, ਪਾਣੀ ਪਿਤਾ-ਮਾਤਾ ਧਰਤ ਮਹਤਿ’ ਤਹਿਤ, ਜੋ ਸੰਦੇਸ਼ ਦਿੱਤਾ ਗਿਆ, ਨੂੰ ਘਰ-ਘਰ ਪਹੁੰਚਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਫ਼ਲਸਫ਼ਾ ਵਾਤਾਵਰਨ ਨਾਲ ਸਾਡਾ ਰਿਸ਼ਤਾ ਸਥਾਪਤ ਕਰਦਿਆਂ ਸਾਨੂੰ ਵਾਤਾਵਰਣ ਪ੍ਰਤੀ ਸੰਜੀਦਾ ਹੋਣ ਲਈ ਪ੍ਰੇਰਦਾ ਹੈ। ਮਨੁੱਖ ਨੂੰ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁਧ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਨੁੱਖਤਾ ਵੱਲੋਂ ਹੋ ਰਹੀ ਦਰਖਤਾਂ ਦੀ ਬੇਲੋੜੀ ਕਟਾਈ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਰੁੱਖਾਂ ਦੀ ਮਨੁੱਖਤਾ ਨਾਲ ਡੂੰਘੀ ਸਾਂਝ ਹੈ, ਪਰ ਮਨੁੱਖ ਨੇ ਆਪ ਹੁਦਰਾ ਹੋ ਕੇ ਕੁਦਰਤੀ ਸੋਮਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਵਾਤਾਵਰਨ ਦੇ ਅਹਿਮ ਅੰਗ ਪਾਣੀ, ਹਵਾ ਤੇ ਮਿੱਟੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਕਈ ਚੁਣੌਤੀਆਂ ਸਾਡੇ ਅੱਗੇ ਆਉਣ ਖੜੀਆਂ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾ ਕੇ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੋਂ ਇਲਾਵਾ, ਡਾ. ਪਰਮਵੀਰ ਸਿੰਘ ਪ੍ਰੋਫ਼ੈਸਰ ਸਿੱਖ ਵਿਸ਼ਵਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿਮਰਜੀਤ ਸਿੰਘ ਮੀਤ ਸਕੱਤਰ ਸਿਖਿਆ, ਡਾ. ਗੁਰਵੀਰ ਸਿੰਘ ਡਾਇਰੈਕਟਰ, ਨਿਜੀ ਸਹਾਇਕ ਭਗਵੰਤ ਸਿੰਘ ਧੰਗੇੜਾ, ਗੁਰਜਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ ਸਵਿਫਟ ਕਾਲਜ, ਡਾ. ਸਤਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹਾਜ਼ਰ ਸਨ।