ਕਸ਼ਮੀਰ ਦੇ ਵਿਸ਼ੇਸ਼ ਦਰਜੇ ਨਾਲ ਕੋਈ ਛੇੜ-ਛਾੜ ਨਹੀਂ : ਮੋਦੀ ਨੇ ਮਹਿਬੂਬਾ ਨੂੰ ਦਿੱਤਾ ਭਰੋਸਾ

ਮੁਸ਼ਕਿਲ ਹਾਲਾਤ ਚੋਂ ਲੰਘ ਰਿਹਾ ਜੰਮੂ-ਕਸ਼ਮੀਰ-ਪ੍ਰਧਾਨ ਮੰਤਰੀ ਨੂੰ ਮਿਲੀ ਮਹਿਬੂਬਾ

ਨਵੀਂ ਦਿਲੀ. 11 ਅਗਸਤ- ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਇਹ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇਹ 100 ਫੀਸਦੀ ਭਰੋਸਾ ਦਿੱਤਾ ਹੈ ਕਿ ਪੀਡੀਪੀ-ਭਾਜਪਾ ਸਰਕਾਰ ਦੇ ‘ਗੱਠਜੋੜ ਏਜੰਡੇ’ ਮੁਤਾਬਿਕ ਕਸ਼ਮੀਰ ਨੂੰ ਵਿਸ਼ੇਸ਼ ਦਰਜੇ ਸਬੰਧੀ ਸੰਵਿਧਾਨ ਦੀ ਧਾਰਾ 370 ਨਾਲ ਕੋਈ ਛੇੜ-ਛਾੜ ਨਹੀਂ ਹੋਵੇਗੀ। ਮੁਫਤੀ ਮਹਿਬੂਬਾ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਪਿਛਲੇ ਕੁਝ ਸਮੇਂ ਤੋਂ ਇਹ ਰਿਪੋਰਟਾਂ ਆ ਰਹੀਆਂ ਸਨ ਕਿ ਕੇਂਦਰ ਸਰਕਾਰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਸਕਦੀ ਹੈ। ਮੁਲਾਕਾਤ ਸਮੇਂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਹਨ। ਜੇਕਰ ਮੌਜੂਦਾ ਸਮੇਂ ਧਾਰਾ 370 ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਕੀਤੀ ਗਈ ਤਾਂ ਹਾਲਾਤ ਹੋਰ ਵਧੇਰੇ ਵਿਗੜ ਸਕਦੇ ਹਨ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨਾਲ ਕੋਈ ਛੇੜ-ਛਾੜ ਨਹੀਂ ਹੋਵੇਗੀ ਅਤੇ ਸਰਕਾਰ ਪੀਡੀਪੀ-ਭਾਜਪਾ ‘ਗੱਠਜੋੜ ਏਜੰਡੇ’ ਨੂੰ ਯੋਗ ਸਤਿਕਾਰ ਦੇਵੇਗੀ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਹਿਬੂਬਾ ਮੁਫਤੀ ਨੇ ਕਿਹਾ ਕਿ 35ਏ ਨੂੰ ਹਟਾਉਣ ਨਾਲ ਸੂਬੇ ’ਚ ਨਾਂਹ ਪੱਖੀ ਸੁਨੇਹਾ ਜਾਵੇਗਾ, ਜਿਸ ਨਾਲ ਸੂਬੇ ‘ਤੇ ਕਾਫੀ ਅਸਰ ਪਵੇਗਾ।ਮੁਫਤੀ ਨੇ ਕਿਹਾ ਕਿ ਇਸ ਧਾਰਾ ਸਬੰਧੀ ਛਿੜੀ ਚਰਾਚਾ ਤੋਂ ਲੋਕ ਫਿਰ ਚਿੰਤਾ ’ਚ ਹਨ।
ਮੁਲਾਕਾਤ ‘ਚ ਇਸ ਬਾਰੇ ਹੋਈ ਚਰਚਾ- ਮੁਖ ਮੰਤਰੀ ਮਹਿਬੂਬਾ ਨੇ ਦਸਿਆ ਕਿ ਮੈਂ ਪੀ. ਐੈਮ. ਨੂੰ ਕਿਹਾ ਹੈ ਕਿ ਅਜੇ ਕਸ਼ਮੀਰ ਬਹੁਤ ਮੁਸ਼ਕਿਲ ਹਾਲਾਤ ਚੋਂ ਲੰਘ ਰਿਹਾ ਹੈ। ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਲਈ ਵਿਸ਼ੇਸ਼ ਦਰਜਾ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾ ਬੀਤੇ ਵੀਰਵਾਰ ਨੂੰ ਮਹਿਬੂਬਾ ਨੇ ਇਸ ਮੁਦੇ ‘ਤੇ ਗ੍ਰਹਿਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।

Send this to a friend