10 ਮੈਂਬਰੀ ਅੰਤਰ-ਰਾਜੀ ਕਾਰ ਚੋਰ ਗਿਰੋਹ ਤੋਂ 31 ਕਾਰਾਂ ਫੜੀਆਂ : ਆਈ.ਜੀ. ਰਾਏ

ਫਤਹਿਗੜ੍ਹ ਸਾਹਿਬ, 10 ਅਗਸਤ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਰਹਿੰਦ ਦੀ ਟੀਮ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 10 ਮੈਂਬਰਾਂ ਵਿੱਚੋਂ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲਗਭਗ 3.50 ਕਰੋੜ ਰੁਪਏ ਦੀ ਕੀਮਤ ਦੀਆਂ 3 ਫਾਰਚੂਨਰ, 6 ਇਨੋਵਾ, 3 ਵਰਨਾ, 2 ਬਲੈਰੋ, 8 ਸਵਿਫਟ ਕਾਰਾਂ, 5 ਸਵਿਫਟ ਡਿਜਾਇਰ, 2 ਕਰੂਜ ਕਾਰਾਂ, 1 ਸਫਾਰੀ ਤੇ ਇੱਕ ਆਈ. 20 ਸਮੇਤ ਕੁੱਲ 31 ਲਗਜ਼ਰੀ ਚੋਰੀ ਕੀਤੇ ਗਏ ਵਾਹਨ ਬਰਾਮਦ ਕੀਤੇ ਗਏ। ਇਹ ਜਾਣਕਾਰੀ ਪਟਿਆਲਾ ਜੋਨ ਦੇ ਆਈ.ਜੀ. ਸ. ਅਮਰਦੀਪ ਸਿੰਘ ਰਾਏ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਚਾਰ ਕਥਿਤ ਦੋਸ਼ੀਆਂ ਵੱਲੋਂ ਮੁਢਲੀ ਪੁੱਛਗਿਛ ਦੌਰਾਨ 56 ਗੱਡੀਆਂ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ ਅਤੇ ਕਾਬੂ ਕੀਤੇ ਗਏ ਚਾਰ ਮੈਂਬਰਾਂ ਵਿੱਚ ਗਿਰੋਹ ਦਾ ਮੁਖੀ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ ਵਾਸੀ ਢਪੱਈ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੁਣ ਹਰਗੋਬਿੰਦ ਨਗਰ ਨੇੜੇ ਚਾਂਦ ਪੈਲੇਸ ਫਰੀਦਕੋਟ ਵਿਖੇ ਰਹਿੰਦਾ ਹੈ, ਵੀ ਕਾਬੂ ਕੀਤਾ ਗਿਆ ਹੈ। ਇਸ ਮੌਕੇ ਡੀ.ਆਈ.ਜੀ. ਰੋਪੜ ਰੇਂਜ ਸ੍ਰੀ ਬੀ.ਐਲ. ਮੀਨਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ, ਐਸ.ਪੀ. (ਜਾਂਚ) ਸ. ਦਲਜੀਤ ਸਿੰਘ ਰਾਣਾ, ਐਸ.ਪੀ. (ਹੈ/ਕੁ) ਸ. ਸ਼ਰਨਜੀਤ ਸਿੰਘ, ਡੀ.ਐਸ.ਪੀ. (ਜਾਂਚ) ਸ੍ਰੀ ਦਲਜੀਤ ਸਿੰਘ ਖੱਖ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀ ਵਰਿੰਦਰਜੀਤ ਸਿੰਘ ਥਿੰਦ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

Send this to a friend