ਆਕਸਫੋਰਡ ਦੀਆਂ ਵਿਦਿਆਰਥਣਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਬੰਨੀ ਰੱਖੜੀ

ਭਗਤਾ ਭਾਈ ਕਾ, 9 ਅਗਸਤ (ਸਵਰਨ ਸਿੰਘ ਭਗਤਾ)- ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈ ਕਾ ਇਲਾਕੇ ਦੀ ਮੌਹਰੀ ਵਿਦਿਅਕ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਬੀਤੇ ਦਿਨੀਂ 7 ਅਗਸਤ ਨੂੰ ਦੇਸ਼ਭਰ ਦੇ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਭਾਰਤ ਦੇ ਭਿੰਨ-ਭਿੰਨ ਸਕੂਲਾਂ ਦੇ ਬੱਚੇ ਹਰ ਸਾਲ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਜੀ ਨੂੰ ਰੱਖੜੀ ਬੰਨਦੇ ਹਨ। ਇਸ ਸਾਲ ਪੂਰੇ ਦੇਸ਼ ਵਿੱਚੋਂ 700 ਵਿਦਿਆਰਥੀਆਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਦੇਸ਼ ਦੇ 14ਵੇਂ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਬਿੰਦ ਜੀ ਨੂੰ ਰੱਖੜੀ ਬੰਨਣ ਲਈ ਸੱਦਾ ਦਿੱਤਾ ਗਿਆ। ਇਹ 700 ਬੱਚੇ ਭਾਰਤ ਦੇ ਅਲੱਗ-ਅਲੱਗ ਰਾਜਾਂ ਤੋਂ ਰਾਸ਼ਟਰਪਤੀ ਭਵਨ ਪਹੁੰਚੇ। ਪੰਜਾਬ ਰਾਜ ਵਿੱਚੋਂ ਸਿਰਫ਼ ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈ ਕਾ (ਬਠਿੰਡਾ) ਦੀਆਂ ਚਾਰ ਵਿਦਿਆਰਥਣਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ। ਨੌਵੀ ਜਮਾਤ ਦੀ ਵਿਦਿਆਰਥਣ ਦੀਵਾਂਸ਼ਿਕਾ ਵਾਸੀ ਭਗਤਾ ਭਾਈ ਕਾ, ਸੱਤਵੀਂ ਜਮਾਤ ਦੀ ਵਿਦਿਆਰਥਣ ਹਰਨੂਰ ਕੌਰ ਵਾਸੀ ਜਲਾਲ, ਤੀਸਰੀ ਜਮਾਤ ਦੀ ਵਿਦਿਆਰਥਣ ਗੁਰਸਾਜਨਪ੍ਰੀਤ ਕੌਰ ਵਾਸੀ ਘਣੀਆਂ, ਪੰਜਵੀਂ ਜਮਾਤ ਦੀ ਵਿਦਿਆਰਥਣ ਹਰਜੋਤ ਕੌਰ ਵਾਸੀ ਦੀਨਾ ਸਾਹਿਬ, ਅਧਿਆਪਕਾ ਮਿਸ. ਕਿਰਨ ਸੂਦ ਅਤੇ ਸਕੂਲ ਦੇ ਡਾਇਰੈਕਟਰ ਡਾ. ਸੰਜੇ ਚੁੱਘ ਜੀ ਨਾਲ ਰਾਸ਼ਟਰਪਤੀ ਭਵਨ ਪਹੁੰਚੀਆਂ। ਇਸ ਸੰਬੰਧੀ ਡਾ. ਸੰਜੇ ਚੁੱਘ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਥਾ ਦੀਆਂ ਵਿਦਿਆਰਥਣਾਂ ਨੂੰ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਬਿੰਦ ਜੀ ਦੇ ਰੱਖੜੀ ਬੰਨਣ ਦਾ ਮੌਕਾ ਮਿਲਿਆ। ਰਾਸ਼ਟਰਪਤੀ ਦੇ ਰੱਖੜੀ ਬੰਨਣ ਦੇ ਸਮਾਰੋਹ ਨੂੰ ਬਿਆਨ ਕਰਦਿਆਂ ਵਿਦਿਆਰਥਣਾਂ ਕਾਫੀ ਜੋਸ਼ ਵਿੱਚ ਸਨ। ਇੱਕ ਵਿਦਿਆਰਥਣ ਦੀਵਾਂ ਸ਼ਿਕਾ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਇੱਕ ਨਿਵੇਕਲਾ ਅਨੁਭਵ ਸੀ। ਸਭ ਤੋਂ ਪਹਿਲਾ ਉਨ੍ਹਾਂ ਦਾ 37 ਨੰਬਰ ਗੇਟ ਦੇ ਰਾਹੀਂ ਦਰਬਾਰ ਹਾਲ ਵਿੱਚ ਦਾਖਲਾ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਬਿੰਦ ਜੀ ਦੇ ਰੱਖੜੀ ਬੰਨਣ ਅਤੇ ਵੱਖੋ-ਵੱਖਰੇ ਰਾਜਾਂ ਦੀਆਂ ਉਚ-ਸਖਸ਼ੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ।ਹਰਜੋਤਪਾਲ ਕੌਰ ਨੇ ਰਾਸ਼ਟਰਪਤੀ ਦੇ ਤਿਲਕ ਲਗਾਉਣ ਅਤੇ ਹਰਨੂਰ ਕੌਰ ਨੇ ਰਾਸ਼ਟਰਪਤੀ ਦੇ ਰੱਖੜੀ ਬੰਨਣ ਦੀ ਰਸਮ ਨਿਭਾਈ। ਵਿਦਿਆਰਥਣ ਦੀਵਾਂਸ਼ਿਕਾ ਅਤੇ ਗੁਰਸਾਜਨਪ੍ਰੀਤ ਕੌਰ ਨੇ ਉਨ੍ਹਾਂ ਦੀ ਧਰਮਪਤਨੀ ਨੂੰ ਰੱਖੜੀ ਬੰਨੀ।ਮੈਡਮ ਕਿਰਨ ਸੂਦ ਅਤੇ ਡਾ. ਸੰਜੇ ਚੁੱਘ ਨੇ ਸਕੂਲ ਦੇ ਆਰਟ ਟੀਚਰ ਗੁਰਦੀਪ ਸਿੰਘ ਦੁਆਰਾ ਤਿਆਰ ਕੀਤੀ ਰਾਸ਼ਟਰਪਤੀ ਦੀ ਤਸਵੀਰ ਉਨ੍ਹਾਂ ਨੂੰ ਭੇਂਟ ਕੀਤੀ।ਰੱਖੜੀ ਬੰਨਣ ਤੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਬਹੁਤ ਸਾਰੀਆਂ ਭੇਂਟਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਲਈ ਰਾਸ਼ਟਰਪਤੀ ਭਵਨ ਘੁੰਮਣ ਦਾ ਇੰਤਜਾਮ ਕੀਤਾ ਗਿਆ। ਉਨ੍ਹਾਂ ਨੂੰ ਮੁਗਲ ਗਾਰਡਨ ਅਤੇ ਅਸ਼ੋਕਾ ਹਾਲ ਦੀ ਸੈਰ ਕਰਵਾਈ ਗਈ ਅਤੇ ਸ਼ਾਹੀ ਸਵਾਗਤ ਦੇ ਨਾਲ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ । ਵਿਦਿਆਰਥਣ ਹਰਨੂਰ ਕੌਰ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਹੋਣਾ ਤੇ ਇੰਟਰਵਿਊ ਦੇਣਾ, ਉਸ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ।ਹਰਨੂਰ ਕੌਰ ਨੇ ਆਪਣੇ ਵਿਚਾਰ ਪੂਰੇ ਦੇਸ਼ ਦੀ ਜਨਤਾ ਨਾਲ ਸਾਂਝੇ ਕੀਤੇ ਜੋ ਕਿ ਡੀ. ਡੀ ਨਿਊਜ ਚੈਨਲ ਤੇ 3.30 ਵਜੇ ਪ੍ਰਸਾਰਿਤ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਪਾਸੇ ਆਕਸਫੋਰਡ ਦੇ ਵਿਦਿਆਰਥੀ ਹੀ ਚਮਕਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਨਿਵੇਕਲੇ ਤਜ਼ਰਬੇ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਹਨ ਅਤੇ ਇਹ ਵੀ ਬਹੁਤ ਵੱਡਾ ਮੌਕਾ ਹੈ ਜੋ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਹਾਸਲ ਹੋਇਆ।ਮਾਪਿਆਂ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਉਨ੍ਹਾਂ ਨੂੰ ਵਧਾਈ ਦਿੱਤੀ, ਜਿਹਨਾਂ ਦੇ ਸਹਿਯੋਗ ਬਿਨਾਂ ਇਹ ਕੰਮ ਸੰਭਵ ਨਹੀਂ ਸੀ।ਮਾਪਿਆਂ ਤੋਂ ਵੀ ਇਹ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਕਿ ਉਨ੍ਹਾਂ ਦੇ ਬੱਚੇ ਉਹ ਅਨੁਭਵ ਹਾਸਲ ਕਰਕੇ ਆਏ ਹਨ ਜਿਸ ਲਈ ਲੋਕ ਕਿੰਨੇ-ਕਿੰਨੇ ਸਾਲ ਇੰਤਜ਼ਾਰ ਅਤੇ ਕੋਸ਼ਿਸ਼ ਕਰਦੇ ਹਨ। ਰਾਸ਼ਟਰਪਤੀ ਦੇ ਰੱਖੜੀ ਬੰਨਣ ਤੇ ਉਸ ਨਾਲ ਮੁਲਾਕਾਤ ਕਰਨਾ ਆਪਣੇ ਆਪ ਵਿਚ ਇੱਕ ਬਹੁਤ ਵੱਡੀ ਉਪਲੱਬਧੀ ਹੈ। ਉਨ੍ਹਾਂ ਨੇ ਸਮੂਹ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਹਰਗੁਰਪ੍ਰੀਤ ਸਿੰਘ ‘ਗਗਨ ਬਰਾੜ’ (ਚੇਅਰਮੈਨ) ਗੁਰਮੀਤ ਸਿੰਘ ਗਿੱਲ (ਪ੍ਰਧਾਨ) ਪਰਮਪਾਲ ਸਿੰਘ ‘ਸ਼ੈਰੀ ਢਿੱਲ਼ੋਂ’ (ਵਾਈਸ ਚੇਅਰਮੈਨ) ਅਜੇਪਾਲ ਸਿੰਘ ਢਿੱਲ਼ੋਂ (ਸੀਨੀਅਰ ਮੈਂਬਰ) ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਨੇ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਤੇ ਆਸ਼ੀਰਵਾਦ ਹਮੇਸ਼ਾ ਉਹਨਾਂ ਦੇ ਵਿਦਿਆਰਥੀਆਂ ਤੇ ਪੂਰੀ ਟੀਮ ਦੇ ਨਾਲ ਹੈ।

Send this to a friend