ਮਾਨਸਾ, 9 ਅਗਸਤ (ਸ਼ਾਮ ਲਾਲ, ਵਕੀਲ ਬਾਂਸਲ)- ਕ੍ਰਿਕਟ ਮੈਚ ’ਤੇ ਮੋਬਾਇਲ ਫੋਨਾਂ ਰਾਹੀਂ ਸੱਟਾ ਲਵਾਉਣ ਵਾਲੇ ਦੋ ਵਿਅਕਤੀਆਂ ਨੂੰ ਮਾਨਸਾ ਪੁਲਿਸ ਨੇ ਰਾਮ ਸਿੰਘ ਕੁੰਦਨ ਵਾਲੀ ਗਲੀ ਵਿਚੋਂ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੀਬ ਪੌਣੇ ਦੋ ਲੱਖ ਰੁਪਏ ਦੀ ਨਗਦੀ, ਇੱਕ ਮੋਟਰਸਾਇਕਲ, ਐਲਈਡੀ, ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਦੇ ਇਲਾਵਾ ਕੋਟਧਰਮੂੰ ਪੁਲਿਸ ਨੇ ਠੇਕਾ ਲੁੱਟਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵੱਲੋਂ ਲੁੱਟੀ ਗਈ ਰਕਮ ਅਤੇ ਕਾਰ ਸਵਾਰ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ। ਥਾਣਾ ਸਿਟੀ-1 ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ (ਡੀ) ਕਰਨਵੀਰ ਸਿੰਘ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਸਰ੍ਹਾਂ ਨੇ ਦੱਸਿਆ ਕਿ ਸ਼ਹਿਰ ਦੀ ਰਾਮ ਸਿੰਘ ਕੁੰਦਨ ਵਾਲੀ ਗਲੀ ਵਿਚੋਂ ਕ੍ਰਿਕਟ ਮੈਚਾਂ ’ਤੇ ਸੱਟਾ ਲਗਵਾਉਂਦੇ ਰਾਜੇਸ਼ ਕੁਮਾਰ ਉਰਫ਼ ਵੀਰੂ ਪੁੱਤਰ ਰਾਜ ਕੁਮਾਰ ਅਤੇ ਮਨੋਜ ਕੁਮਾਰ ਉਰਫ਼ ਮੌਜੀ ਪੁੱਤਰ ਪਵਨ ਕੁਮਾਰ ਵਾਰਡ ਨੰਬਰ 8 ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਲੱਖ 80 ਹਜ਼ਾਰ ਰੁਪਏ ਦੀ ਨਗਦੀ, ਛੇ ਮੋਬਾਇਲ ਫੋਨ, ਇੱਕ ਐਲਈਡੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਦਿਨ ਵਿਚ ਕਰੀਬ 40 ਤੋਂ 50 ਹਜ਼ਾਰ ਰੁਪਏ ਦਾ ਸੱਟਾ ਮੈਚਾਂ ’ਤੇ ਲਗਵਾਉਂਦੇ ਅਤੇ ਉਸ ਦਾ ਲੈਣ-ਦੇਣ ਕਰਦੇ ਸਨ ਅਤੇ ਪੰਜਾਬ ਵਿਚ ਹੋਰ ਥਾਵਾਂ ’ਤੇ ਵੀ ਉਨ੍ਹਾਂ ਦਾ ਨੈਟਵਰਕ ਚੱਲਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਥਾਣਾ ਜੌੜਕੀਆਂ ਦੇ ਏਐਸਆਈ ਗੁਰਤੇਜ ਸਿੰਘ ਨੇ ਜੈਨ ਕਾਰ ਨੰਬਰ ਡੀਐਲ-3ਸੀਐਮ-1347 ਸਵਾਰ ਵਿਅਕਤੀ ਹਰਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ਦਰਸ਼ਨ ਸਿੰਘ ਵਾਸੀ ਮਾਖਾ ਨੂੰ ਪਿੰਡ ਦੂਲੋਵਾਲ ਨੇੜੇ ਰੋਕਿਆ, ਜਿਸ ਕੋਲੋਂ ਇੱਕ ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਲੈ ਕੇ ਪੁੱਛ੍ਯਗਿੱਛ ਕਰੇਗੀ ਕਿ ਇਹ ਅਫੀਮ ਉਹ ਕਿੱਥੋਂ ਲੈ ਕੇ ਆਇਆ ਅਤੇ ਕਿਹੜੇ ਲੋਕ ਇਸ ਦੀ ਤਸਕਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਰਾਤ ਪਿੰਡ ਉਡਤ ਭਗਤ ਰਾਮ ਦੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਜਰਨੈਲ ਸਿੰਘ ’ਤੇ ਪਿਸਤੌਲ ਤਾਣ ਕੇ ਉਸ ਤੋਂ 84 ਹਜ਼ਾਰ ਰੁਪਏ ਦੀ ਨਗਦੀ ਖੋਹਣ ਵਾਲੇ ਵਿਅਕਤੀਆਂ ਨੀਟੂ ਉਰਫ਼ ਅਮਰੀਕ ਸਿੰਘ, ਮਨਦੀਪ ਸਿੰਘ ਉਰਫ਼ ਟਿੱਡਾ, ਕੁਲਵਿੰਦਰ ਸਿੰਘ ਉਰਫ਼ ਬਿੰਦੂ, ਹਰਪ੍ਰੀਤ ਸਿੰਘ ਵਾਸੀ ਰਾਏਪੁਰ, ਅਮਨਦੀਪ ਸਿੰਘ ਉਰਫ਼ ਝੱਲੀ, ਗੁਰਸੇਵਕ ਸਿੰਘ ਉਰਫ਼ ਸ਼ਰਮਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਵਿਚੋਂ ਅਮਨਦੀਪ ਸਿੰਘ ਝੱਲੀ ਵਾਸੀ ਉਡਤ ਭਗਤ ਰਾਮ, ਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਵਾਸੀ ਰਾਏਪੁਰ ਨੂੰ ਕਾਬੂ ਕਰਕੇ ਉਨ੍ਹਾਂ ਵੱਲੋਂ ਖੋਹੀ ਗਈ ਨਗਦੀ ਅਤੇ ਇੱਕ ਮੋਟਰਸਾਇਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦਾ ਵੀ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।