ਸ਼ਾਹਕੋਟ, 9 ਅਗਸਤ (ਸੁਰਿੰਦਰ ਸਿੰਘ ਖਾਲਸਾ)- ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਜਿਲ੍ਹੇ ਭਰ ਵਿਚ ਹੜ੍ਹ ਦੇ ਕਿਸੇ ਵੀ ਸੰਭਾਵੀ ਖਤਰੇ ਦੇ ਟਾਕਰੇ ਲਈ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਜਿਨਾਂ ਵਲੋਂ ਅੱਜ ਲਗਭਗ 200 ਕਿਲੋਮੀਟਰ ਤੋਂ ਵੀ ਜਿਆਦਾ ਦਾ ਸਫਰ ਕਰਕੇ ਫਿਲੌਰ ਤੇ ਸ਼ਾਹਕੋਟ ਤਹਿਸੀਲ ਵਿਚ ਸਤਲੁਜ ਦਰਿਆ ਕੰਢੇ ਧੁੱਸੀ ਬੰਨ੍ਹ ਦਾ ਦੌਰਾ ਕਰਨ ਦੇ ਨਾਲ-ਨਾਲ ਦਰਿਆ ਦੇ ਨੇੜਲੇ ਇਲਾਕਿਆਂ ਵਿਚ ਵਸੇ ਪਿੰਡਾਂ ਦਾ ਵੀ ਦੌਰਾ ਕੀਤਾ ਗਿਆ। ਉਨਾਂ ਵਲੋਂ ਸਥਾਨਕ ਲੋਕਾਂ ਨਾਲ ਲੰਬੀ ਗੱਲਬਾਤ ਵੀ ਕੀਤੀ ਗਈ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਹੜ੍ਹ ਰੋਕੂ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਸਮੇਤ ਸਵੇਰੇ 8 ਵਜੇ ਤੋਂ ਸ਼ੁਰੂ ਕੀਤੇ ਗਏ ਦੌਰੇ ਦੌਰਾਨ ਕਡਿਆਣਾ, ਸੁਧਾਰਾ, ਗਦਰਾ ਭੋਡਾ, ਦਾਨੇਵਾਲ ਤੇ ਬਾਊਪੁਰ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਐਸ.ਡੀ.ਐਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਸ਼ਾਹਕੋਟ ਨਵਨੀਤ ਕੌਰ ਬੱਲ, ਕਾਰਜਕਾਰੀ ਇੰਜੀਨੀਅਰ (ਡਰੇਨਜ਼) ਰਾਮ ਰਤਨ ਤੇ ਐਸ.ਡੀ.ਓ. ਪ੍ਰਵੀਨ ਕੁਮਾਰ ਵੀ ਹਾਜ਼ਰ ਸਨ।