ਵੋਟਾਂ ਦੇ ਮੱਦੇਨਜ਼ਰ ਰੂਪਨਗਰ ’ਚ ਸ਼ਰਾਬ ਦੇ ਸਾਰੇ ਠੇਕੇ 6 ਨੂੰ ਬੰਦ ਰਹਿਣਗੇ : ਡੀ.ਸੀ.

ਰੂਪਨਗਰ, 2 ਅਗਸਤ (ਗੁਰਸ਼ਰਨ ਸਿੰਘ ਗੁਲਸ਼ਨ)-ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਕੁੱਝ ਪਿੰਡਾਂ ਜਿਵੇਂ ਕਿ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ-49 ਦੇ ਪਿੰਡ ਝੱਖੀਆਂ ਕਲਾਂ, ਮਾਜਰੀ, ਲੋਧੀਪੁਰ, ਪੱਤੀ ਦੁੱਲਚੀ, ਸਵਾਮੀਪੁਰ, ਵਿਧਾਨ ਸਭਾ ਹਲਕਾ ਰੂਪਨਗਰ-50 ਦੇ ਪਿੰਡ ਰਾਮਪੁਰ, ਖਾਨਪੁਰ, ਨੂਰਪੁਰ ਖੁਰਦ, ਛੱਜਾ, ਬਾਸ ਜੱਸੇ ਮਾਜਰਾ, ਜਟਵਾਹੜ, ਗੜ੍ਹਡੋਲੀਆਂ, ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ-51 ਦੇ ਪਿੰਡ ਸੰਤਪੁਰ ਚੁੱਪਕੀ, ਬਾਲਸੰਢਾ, ਨਥਲਮਪੁਰ, ਧਨੋਰੀ, ਮੋਰਿੰਡਾ ਰੂਰਲ, ਸਮਰੋਲੀ, ਚਲਾਕੀ, ਮੜੋਲੀ ਕਲਾਂ, ਰਾਮਪੁਰ ਬੇਟ, ਬੱਸੀ ਗੁਜਰਾਂ ਵਿੱਚ 6 ਅਗਸਤ ਨੂੰ ਗਰਾਮ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਠੀਕ ਢੰਗ/ਸ਼ਾਂਤੀ ਪੂਰਵਕ ਮੁਕੰਮਲ ਕਰਵਾਉਂਣ ਲਈ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸ਼੍ਰੀਮਤੀ ਗੁਰਨੀਤ ਤੇਜ ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜ਼ਿਲ੍ਹਾ ਰੂਪਨਗਰ ਅੰਦਰ ਉਕਤ ਪਿੰਡਾ ਵਿੱਚ ਜਿੱਥੇ ਵੋਟਾਂ ਪੈ ਰਹੀਆਂ ਹਨ, ਦੀ ਹਦੂਦ ਅੰਦਰ ਆਉਂਦੇ ਸਾਰੇ ਅੰਗਰੇਜ਼ੀ/ਦੇਸੀ ਸ਼ਰਾਬ ਦੇ ਠੇਕੇ 6 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਉਕਤ ਮਿਤੀ ਨੂੰ ਕਿਸੇ ਵੀ ਰੈਸਟੋਰੈਂਟ/ਅਹਾਤੇ/ਕਲੱਬ/ਹੋਟਲਾਂ ਆਦਿ ਵਿੱਚ ਸ਼ਰਾਬ ਵੇਚੀ (ਸੇਲ) ਜਾਂ ਪਿਲਾਈ ਨਹੀਂ ਜਾਵੇਗੀ ਅਤੇ ਨਾ ਹੀ ਬਿਨ੍ਹਾਂ ਲਾਇਸੈਂਸ ਸ਼ਰਾਬ ਸਟੋਰ (ਇੱਕਠੀ) ਕੀਤੀ ਜਾਵੇਗੀ।

Send this to a friend