ਰਾਮਪੁਰਾ ਫੂਲ, 2 ਅਗਸਤ (ਮਨਪ੍ਰੀਤ ਸਿੰਘ ਗਿੱਲ)- ਪਾਵਰਕਾਮ ਦੇ ਦਫਤਰ ਸਬ ਡਵੀਜਨ ਰਾਮਪੁਰਾ ਫੂਲ ਦੇ ਇੱਕ ਜੂਨੀਅਰ ਇੰਜੀਨੀਅਰ ਵੱਲੋਂ ਇੱਕ ਵਿਅਕਤੀ ਤੋਂ ਸ਼ਰੇਆਮ ਰਿਸ਼ਵਤ ਲੈਣ ਦੀ ਵੀਡੀਓ ਆਮ ਤੇ ਖਾਸ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਇੱਕ ਦੂਜੇ ਦੇ ਮੋਬਾਇਲਾਂ ਤੇ ਸ਼ੋਸ਼ਲ ਸਾਈਟਾਂ ਤੇ ਅੱਗ ਵਾਂਗ ਫੈਲ ਰਹੀ ਹੈ। ਵੀਡੀਓ ਵਿੱਚ ਸ਼ਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਬ ਡਵੀਜਨ ਰਾਮਪੁਰਾ ਫੂਲ (ਸ਼ਹਿਰੀ) ’ਚ ਤੈਨਾਤ ਜੇ.ਈ ਸੁਰਿੰਦਰ ਸਿੰਘ ਸੋਹਲ ਇੱਕ ਨੌਜਵਾਨ ਤੋਂ ਸ਼ਰੇਆਮ ਆਪਣੇ ਮੌੜ ਰੋਡ ਤੇ ਸਥਿਤ ਦਫਤਰ ਵਿੱਚ ਜੁਰਮਾਨੇ ਦਾ ਡਰਾਵਾ ਦੇ ਕੇ ਪੈਸੇ ਲੈ ਰਿਹਾ ਹੈ ਤੇ ਨਾਲ ਹੀ ਭਰੋਸਾ ਦੇ ਰਿਹਾ ਹੈ ਕਿ ਹੁਣ ਤੁਸੀ ਸੇਵਾ ਪਾਣੀ ਕਰ ਦਿੱਤਾ ਹੈ ਤੇ ਅੱਗੇ ਤੋਂ ਬਿਨਾ ਕਿਸੇ ਡਰ ਦੇ ਬਿਜਲੀ ਚੋਰੀ ਕਰੋ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਕੈਪਟਨ ਸਰਕਾਰ ਦੇ ਭਿਰਸ਼ਟਾਚਾਰ ਰਹਿਤ ਸ਼ਾਸ਼ਨ ਦੀ ਵੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਇਸ ਸੰਬੰਧੀ ਸੰਬੰਧਤ ਜੇ.ਈ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਸਥਾਨਕ ਕਾਂਗਰਸੀ ਆਗੂ ਨਾਲ ਆਪਣੀ ਨੇੜਤਾ ਬਾਰੇ ਦੱਸਦੇ ਰਹੇ। ਇਸ ਸੰਬੰਧੀ ਮੌੜ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਮੰਡੀਕਲਾਂ , ਸ਼ਮਿੰਦਰ ਗੋਰਾ ਭੂੰਦੜ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਨੂੰ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਣਗੇ ਤੇ ਸੰਬੰਧਤ ਜੇਈ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ।