ਸਹੁਰੇ ਪ੍ਰੀਵਾਰ ’ਤੇ ਗੋਲੀਆਂ ਚਲਾ ਕੇ ਜਖ਼ਮੀਂ ਕਰਨ ਵਾਲਾ ਅਸਲੇ ਸਮੇਤ ਕਾਬੂ

ਸਾਦਿਕ, 1 ਅਗਸਤ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ) -ਬੀਤੇ ਦਿਨੀਂ ਰਾਤ ਸਮੇਂ ਪਿੰਡ ਰੁਪੱਈਆਂ ਵਾਲਾ ਦੀ ਢਾਣੀ ਵਿਚ ਰਹਿੰਦੇ ਸ਼ਿੰਗਾਰਾ ਸਿੰਘ ਪੁੱਤਰ ਫੌਜਾ ਸਿੰਘ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖ਼ਮੀਂ ਕਰਨ ਵਾਲੇ ਗੁਰਮੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੂੰ ਵਾਰਦਾਤ ਸਮੇਂ ਵਰਤੀ ਗਈ ਗੱਡੀ ਅਤੇ ਅਸਲੇ ਸਮੇਤ ਥਾਣਾ ਸਾਦਿਕ ਦੀ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਥਾਣਾ ਸਾਦਿਕ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਉੱਕਤ ਗੁਰਮੀਤ ਸਿੰਘ ਉਰਫ ਰਾਜੂ ਇੱਥੇ ਰੁਪੱਈਆਂਵਾਲਾ ਵਿਖੇ ਸ਼ਿੰਗਾਰਾ ਸਿੰਘ ਦੀ ਲੜਕੀ ਕੁਲਦੀਪ ਕੌਰ ਨਾਲ ਵਿਆਹਿਆ ਹੋਇਆ ਹੈ ਤੇ ਉਹ ਅਕਸਰ ਹੀ ਆਪਣੀ ਪਤਨੀ ਦੀ ਕੁੱਟ ਮਾਰ ਕਰਦਾ ਰਹਿੰਦਾ ਸੀ ਜਿਸ ਕਰਕੇ ਇਹਨਾਂ ਦਾ ਆਪਸ ਵਿਚ ਇਕ ਦੋ ਵਾਰ ਤਕਰਾਰ ਵੀ ਹੋਇਆ ਸੀ ਤੇ ਹੱਥੋਪਾਈ ਤੱਕ ਨੌਬਤ ਆ ਗਈ ਸੀ। ਉਹਨਾਂ ਦੱਸਿਆ ਕਿ ਉੱਕਤ ਗੁਰਮੀਤ ਸਿੰਘ ਨੇ ਬੀਤੇ ਦਿਨੀਂ ਰਾਤ ਸਮੇਂ ਇਹਨਾਂ ਦੇ ਘਰ ਪਿੰਡ ਰੁਪਈਆਂਵਾਲਾ ਢਾਣੀ ਵਿਖੇ ਮਾਰਨ ਦੀ ਨੀਅਤ ਨਾਲ ਆਪਣੀ ਲਾਇਸੈਂਸੀ ਬੰਦੂਕ ਨਾਲ ਫਾਇਰ ਕੀਤੇ ਸਨ ਜਿਸ ਕਾਰਨ ਮੁਦੱਈ ਤਿੰਨੋਂ ਪਿਓ ਪੁੱਤਰ ਜ਼ਖ਼ਮੀਂ ਹੋ ਗਏ ਸਨ ਤੇ ਗੁਰਮੀਤ ਸਿੰਘ ਫਰਾਰ ਹੋ ਗਿਆ ਸੀ ਦੇ ਖਿਲਾਫ਼ ਬਲਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸਾਦਿਕ ਵਿਖੇ ਕਾਨੂੰਨ ਦੀ ਧਾਰਾ 307, 22-54-59ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਥਾਣਾ ਸਾਦਿਕ ਦੀ ਪੁਲਿਸ ਨੇ ਵਾਰਦਾਤ ਵਿਚ ਵਰਤੇ ਹਥਿਆਰ ਅਤੇ ਗੱਡੀ ਸਮੇਤ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਹੈ।

Send this to a friend