June 22, 2026 4:41 pm

ਜੋਸ਼ੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਅੰਮ੍ਰਿਤਸਰ ਦਾ ਮਿਊਂਸਪਲ ਟਾਊਨ ਪਲਾਨਰ ਮੁਅੱਤਲ

ਚੰਡੀਗੜ੍ਹ, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸਥਾਨਕ ਸਰਕਾਰਾਂ ਵਿਭਾਗ ਵੱਲੋਂ ਭ੍ਰਿਸਟਾਚਾਰ ਰਹਿਤ, ਪਾਰਦਰਸ਼ੀ ਅਤੇ ਲੋਕਾਂ ਦੇ ਹਿੱਤ ਵਿੱਚ ਸੇਵਾਵਾਂ ਦੇਣ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਨਗਰ ਨਿਗਮ, ਅੰਮ੍ਰਿਤਸਰ ਦੇ ਮਿਊਂਸਪਲ ਟਾਊਨ ਪਲਾਨਰ ਦੇਸ ਰਾਜ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਜੋਸ਼ੀ ਨੇ ਕਿਹਾ ਕਿ ਮੁਅੱਤਲ ਕੀਤੇ ਅਧਿਕਾਰੀ ਵਿਰੁੱਧ ਹੋਰਨਾਂ ਦੋਸ਼ਾਂ ਤੋਂ ਇਲ਼ਾਵਾ ਆਮ ਜਨਤਾ ਦੀ ਇਹ ਸ਼ਿਕਾਇਤ ਮਿਲੀ ਸੀ ਕਿ ਉਹ ਛੋਟੇ ਤੋਂ ਛੋਟੇ ਮਕਾਨਾਂ ਦੀ ਰਜਿਸਟਰੀ ਦੀ ਐਨ.ਓ.ਸੀ. ਦੇਣ ਲਈ ਵੀ ਰਿਸ਼ਵਤ ਦੀ ਮੰਗ ਕਰਦਾ ਸੀ। ਇਸ ਅਧਿਕਾਰੀ ਵਿਰੁੱਧ ਸ਼ਿਕਾਇਤਾਂ ਦੀ ਵਿਸਥਾਰ ਵਿੱਚ ਪੜਤਾਲ ਲਈ ਵਿਭਾਗ ਦੇ ਮੁੱਖ ਚੌਕਸੀ ਅਧਿਕਾਰੀ ਸ੍ਰੀ ਏ.ਕੇ.ਕਾਂਸਲ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਕਾਰਜਕਾਰੀ ਅਧਿਕਾਰੀ ਸ੍ਰੀ ਦਵਿੰਦਰ ਸਿੰਘ ਤੂਰ ਵਿਰੁੱਧ ਵੀ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸ ਦੀ ਪੜਤਾਲ ਲਈ ਵੀ ਮੁੱਖ ਚੌਕਸੀ ਅਧਿਕਾਰੀ ਸ੍ਰੀ ਏ.ਕੇ.ਕਾਂਸਲ ਨੂੰ ਜਾਂਚ ਅਧਿਕਾਰੀ ਨਿਯੁਕਤ ਕਰ ਕੇ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਸ੍ਰੀ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਕੋਲ ਸੀਵਰੇਜ ਟਰੀਟਮੈਂਟ ਪਲਾਂਟ ਮਾਨਸਾ ਵਿਖੇ ਮਾੜੀ ਉਸਾਰੀ ਦੀ ਸ਼ਿਕਾਇਤ ਵੀ ਆਈ ਹੈ। ਉਨ੍ਹਾਂ ਇਸ ਸ਼ਿਕਾਇਤ ਦੀ ਪੜਤਾਲ ਲਈ ਚੀਫ ਇੰਜਨੀਅਰ ਸ੍ਰੀ ਵੀ.ਕੇ.ਭੱਟ ਅਤੇ ਸ੍ਰੀ ਅਮਰਦੀਪ ਸਿੰਘ ਧਾਲੀਵਾਲ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਕੰਮ ਦੀ ਪੜਤਾਲ ਕਰਕੇ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਸੌਂਪਣ। ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ, ਕੰਮ ਵਿੱਚ ਕੋਤਾਹੀ ਅਤੇ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼ ਵੀ ਦਿੱਤੇ ਹਨ।

Send this to a friend