ਜਲੰਧਰ, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਅੱਜ ਪੰਜਾਬ ਭਰ ‘ਚ ਭਗਵਾਨ ਵਾਲਮੀਕਿ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ਼ੋਭਾ ਯਾਤਰਾਵਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹਿਕ ਤੌਰ ‘ਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ‘ਤੇ ਉਨ੍ਹਾਂ ਨੂੰ ਮੱਥਾ ਟੇਕਿਆ ਤੇ ਸ਼ਹਿਰ ‘ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਏ।

ਬਾਜਵਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਸਮਾਨਤਾ ਦਾ ਰਸਤਾ ਦਿਖਾਇਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਸਮਾਜ ਦੇ ਪਿਛੜੇ ਤੇ ਗਰੀਬ ਲੋਕਾਂ ਨੂੰ ਉੱਚਾ ਚੁੱਕਿਆ ਹੈ। ਭਗਵਾਨ ਵਾਲਮੀਕਿ ਜੀ ਦੇ ਦੁਨੀਆਂ ਭਰ ‘ਚ ਹਜ਼ਾਰਾਂ ਸ਼ਰਧਾਲੂ ਉਨ੍ਹਾਂ ਦੀ ਨਿਆਂ ਲਈ ਲੜਾਈ ਤੇ ਅਣਮੁੱਲੇ ਯੋਗਦਾਨ ਪ੍ਰਤੀ ਨਤਮਸਤਕ ਹੁੰਦੇ ਹਨ। ਇਸ ਮੌਕੇ ਸ਼ੋਭਾ ਯਾਤਰਾ ‘ਚ ਏ.ਆਈ.ਸੀ.ਸੀ ਸਕੱਤਰ ਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਹਿੰਦ ਸਮਾਚਾਰ ਗਰੁੱਪ ਦੇ ਚੀਫ ਐਡੀਟਰ ਵਿਜੇ ਚੋਪੜਾ, ਰਜਿੰਦਰ ਕੌਰ ਭੱਠਲ, ਤਰਲੋਚਨ ਸਿੰਘ ਸੂੰਦ, ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਤਜਿੰਦਰ ਸਿੰਘ ਬਿੱਟੂ, ਅਵਤਾਰ ਹੈਨਰੀ, ਵਰਿੰਦਰ ਸ਼ਰਮਾ, ਰਾਣਾ ਰੰਧਾਵਾ, ਜੋਗਿੰਦਰ ਛੀਨਾ, ਗੁਰਵਿੰਦਰ ਸਿੰਘ ਮਮਨਕੇ ਤੇ ਬਲਦੇਵ ਲਾਡੀ ਵੀ ਸ਼ਾਮਿਲ ਹੋਏ। ਸ਼ਾਹਕੋਟ ਤੋਂ ਸੁਰਿੰਦਰ ਸਿੰਘ ਪਦਮ ਅਨੁਸਾਰ-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਥੋਂ ਦੇ ਮੁਹੱਲਾ ਬਾਗਵਾਲਾ ਦੇ ਵਾਸੀਆਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਨੂੰ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ੋਭਾ ਯਾਤਰਾ ਦੌਰਾਨ ਸ੍ਰੀ ਰਮਾਇਣ ਨੂੰ ਬਹੁਤ ਹੀ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਬੈਂਡ ਅਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਵੀ ਸ਼ੋਭਾ ਯਾਤਰਾ ਦੀ ਸ਼ਾਨ ਵਧਾ ਰਹੀਆਂ ਸਨ। ਸੋਭਾ ਯਾਤਰਾ ‘ਚ ਸ਼ਾਮਲ ਸੰਗਤਾਂ ਲਈ ਕਸਬੇ ਦੇ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏੇ ਹੋਏ ਸਨ। ਸੋਭਾ ਯਾਤਰਾ ਮੁਹੱਲਾ ਬਾਗਵਾਲਾ ਦੇ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁਹੱਲਿਆ ਅਤੇ ਮੇਨ ਬਾਜ਼ਾਰ ‘ਚੋਂ ਲੰਘਦੀ ਹੋਈ ਸੋਭਾ ਯਾਤਰਾ ਵਾਪਸ ਮੁਹੱਲਾ ਬਾਗਵਾਲਾ ਵਿੱਚ ਆ ਕੇ ਸਮਾਪਤ ਹੋਈ। ਇਸ ਮੌਕੇ ਜਥੇਦਾਰ ਚਰਨ ਸਿੰਘ ਸਿੰਧੜ, ਜਥੇਦਾਰ ਬਲਦੇਵ ਸਿੰਘ ਕਲਿਆਣ, ਪਰਮਜੀਤ ਸਿੰਘ ਝੀਤਾ, ਜਤਿੰਦਰ ਬੱਲਾ, ਤਰਸੇਮ ਲਾਲ ਮਿੱਤਲ, ਹੈਪੀ ਐਮ ਸੀ, ਰੇਸ਼ਮ ਲਾਲ, ਗੁਰਨਾਮ ਸਿੰਘ ਖੈਹਿਰਾ, ਪ੍ਰੋਫੈਸਰ ਕਰਤਾਰ ਸਿੰਘ ਸੱਚਦੇਵਾ, ਮੰਦਰ ਕਮੇਟੀ ਪ੍ਰਧਾਨ ਦਿਆਲਾ (ਕਸ਼ਮੀਰ), ਪਰਮਜੀਤ ਮੱਟੂ, ਮੰਗਾ ਮੱਟੂ, ਸੰਦੀਪ, ਸੁੱਚਾ ਗਿੱਲ, ਸਦਰ ਸਰਪੰਚ ਭੋਜਪੁਰ, ਰੋਮੀ ਗਿੱਲ, ਹੰਸ ਰਾਜ ਲੰਬੜਦਾਰ, ਡਾ ਜਤਿੰਦਰ ਕੁਮਾਰ ਅਤੇ ਇਲਾਕੇ ਦੀਆ ਮੌਆਜਿਜ ਸ਼ਖਸੀਅਤਾਂ ਹਾਜ਼ਰ ਸਨ।