ਪੰਜਾਬ ਪੁਲਿਸ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ : ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ

ਫਤਹਿਗੜ੍ਹ ਚੂੜੀਆਂ/ਬਟਾਲਾ, 27 ਜੁਲਾਈ (ਅਰਵਿੰਦਰ ਸਿੰਘ ਮਠਾਰੂ)- ਪੁਲਿਸ ਵਿਭਾਗ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਲਾਕੇ ‘ਚ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਸੂਰਤ ‘ਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਹ ਭਰੋਸਾ ਦਿੰਦਿਆਂ ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਸ੍ਰੀ ਰਵਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਮਾਨਯੋਗ ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਤਹਿਗੜ੍ਹ ਚੂੜੀਆਂ ਸਬ ਡਵੀਜ਼ਨ ਆਉਂਦੇ ਸਾਰੇ ਇਲਾਕੇ ‘ਚ ਪੁਲਿਸ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਲਈ ਪੇਂਡੂ ਖੇਤਰ ‘ਚ ਰੂਰਲ ਰੈਪਿਡ ਰਿਸਪਾਂਸ ਦੀਆਂ ਟੀਮਾਂ ਦੀ ਗਸ਼ਤ ਵਧਾ ਦਿੱਤੀ ਗਈ। ਇਸ ਤੋਂ ਇਲਾਵਾ ਸਾਰੇ ਥਾਣਾ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪੋ-ਆਪਣੇ ਇਲਾਕਿਆਂ ‘ਚ ਵਿਸ਼ੇਸ਼ ਨਾਕਾਬੰਦੀ ਤੇ ਗਸ਼ਤ ਕਰਕੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਈ ਜਾਵੇ। ਡੀ.ਐਸ.ਪੀ. ਸ੍ਰੀ ਰਵਿੰਦਰ ਕੁਮਾਰ ਸ਼ਰਮਾ ਨੇ ਅੱਗੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ‘ਚ ਦਿਨ ਰਾਤ ਹਾਜ਼ਰ ਹੈ ਅਤੇ ਸਮਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਗਲਤ ਅਨਸਰਾਂ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਬਿਨ੍ਹਾਂ ਝਿਜਕ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਅਜਿਹੇ ਗੈਰ-ਸਮਾਜੀ ਤੱਤਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਚੂੜੀਆਂ ਸਬ ਡਵੀਜ਼ਨ ‘ਚ ਲੋਕਾਂ ਨੂੰ ਅਮਨ-ਕਾਨੂੰਨ ਦੀ ਸਥਿਤੀ ਦੇ ਪੱਖ ਤੋਂ ਕੋਈ ਪਰੇਸ਼ਨੀ ਨਹੀਂ ਆਉਣ ਦਿੱਤੀ ਜਾਵੇਗੀ।

Send this to a friend