ਪੰਜਾਬ ਦੇ ਆਲੂ ਉਤਪਾਦਕਾਂ ਦੀ ਸਹੂਲਤ ਲਈ ਮਾਰਕਫੈਡ ਵਲੋਂ ਖਰੀਦ ਕੀਤਾ ਜਾਵੇਗਾ 300 ਟਨ ਆਲੂ

ਆਲੂ ਖਰੀਦ ਦੀ ਸੁਰੂਆਤ ਵਜੋਂ ਜਲੰਧਰ ’ਚ 141 ਕੁਇੰਟਲ ਆਲੂ ਦੀ ਕੀਤੀ ਗਈ ਖਰੀਦ

ਜਲੰਧਰ 26 ਜੁਲਾਈ 2017 – ਆਲੂ ਉਤਪਾਦਕ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ 300 ਟਨ ਆਲੂ ਦੀ ਖਰੀਦ ਕਰਨ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਮਾਰਕਫੈਡ ਦੇ ਉੱਚ ਅਧਿਕਾਰੀਆਂ ਵਲੋਂ ਆਲੂਆਂ ਦੀ ਖਰੀਦ ਦੀ ਸੁਰੂਆਤ ਅੱਜ ਸਥਾਨਕ ਸਬਜ਼ੀ ਮੰਡੀ ਵਿਖੇ ਕੀਤੀ ਗਈ। ਮਾਰਕਫੈਡ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਬਾਲ ਮੁਕੰਦ ਸ਼ਰਮਾ ਦੀ ਅਗਵਾਈ ’ਚ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵਲੋਂ ਅੱਜ ਸਥਾਨਕ ਮੰਡੀ ਦਾ ਦੌਰਾ ਕਰਕੇ ਆਲੂ ਉਤਪਾਦਕ ਕਿਸਾਨਾਂ ਤੋਂ ਸਿੱਧੇ ਤੌਰ ’ਤੇ ਆਲੂਆਂ ਦੀ ਖਰੀਦ ਦੀ ਸੁਰੂਆਤ ਕੀਤੀ ਗਈ। ਇਸ ਟੀਮ ਵਲੋਂ 141 ਕੁਇੰਟਲ ਆਲੂਆਂ ਦੀ ਖਰੀਦ ਕੀਤੀ ਗਈ ਜਿਸ ਦੀ ਬਜਾਰੀ ਕੀਮਤ 50,000 ਰੁਪਏ ਦੇ ਕਰੀਬ ਬਣਦੀ ਹੈ। ਖਰੀਦੇ ਗਏ ਆਲੂਆਂ ਵਿਚੋਂ 66 ਕੁਇੰਟਲ ਬਾਦਸ਼ਾ ਕਿਸਮ ਅਤੇ 75 ਕੁਇੰਟਲ ਜੋਤੀ ਕਿਸਮ ਦੇ ਆਲੂ ਹਨ। ਇਸ ਟੀਮ ਵਲੋਂ ਬਾਦਸ਼ਾਹ ਕਿਸਮ ਦੇ ਆਲੂਆਂ ਦੇ 132 ਬੋਰੇ 165 ਰੁਪਏ ਪ੍ਰਤੀ ਬੈਗ ਅਤੇ ਜੋਤੀ ਕਿਸਮ ਦੇ ਆਲੂ ਦੇ 150 ਬੋਰੇ 170 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਖਰੀਦੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਕੂਲਾਂ ’ਚ ਮਿੱਡ ਡੇਅ ਮੀਲ ਲਈ ਮਾਰਕਫੈਡ ਨੂੰ 300 ਟਨ ਆਲੂ ਦੀ ਖਰੀਦ ਤੁਰੰਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਆਲੂ ਦੀ ਕੀਮਤ ’ਚ ਆਈ ਕਮੀ ਕਾਰਨ ਨਿਰਾਸ਼ ਹੋਏ ਆਲੂ ਉਤਪਾਦਕ ਕਿਸਾਨਾਂ ਨੂੰ ਤੁਰੰਤ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਲੂਆਂ ਦੀ ਖਰੀਦ ਬਿਨ੍ਹਾਂ ਕਿਸੇ ਲਾਭ ਜਾਂ ਘਾਟੇ ਦੇ ਅਧਾਰ ’ਤੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਦੇ ਮੰਤਵ ਨਾਲ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇ ਨਾਲ-ਨਾਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਵਿਚ ਇਹ ਖਰੀਦ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਹ ਖਰੀਦ ਆਉਂਦੇ ਦਿਨਾਂ ਵਿਚ ਵੀ ਜਾਰੀ ਰੱਖੀ ਜਾਵੇਗੀ।
ਇਸ ਮੌਕੇ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਰਮਨਦੀਪ ਸਿੰਘ ਮਿਨਹਾਸ ਅਤੇ ਬਰਾਂਚ ਮੇਨੈਜਰ ਜਗਤਾਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।

Send this to a friend