ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਅਸਤੀਫਾ

ਆਰ.ਜੇ.ਡੀ., ਜੇ.ਡੀ.ਯੂ. ਅਤੇ ਕਾਂਗਰਸ ਦੇ ਵਿਧਾਇਕ ਚੁਣਨਗੇ ਨਵਾਂ ਨੇਤਾ

ਨਵੀਂ ਦਿੱਲੀ/ਪਟਨਾ, 26 ਜੁਲਾਈ- ਬਿਹਾਰ ਦੀ ਮਹਾਗਠਬੰਦਨ ਸਰਕਾਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਕਾਰਨ ਆਖਿਰਕਾਰ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਸੂਬੇ ਦੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਅਸਤੀਫੇ ਤੋਂ ਫੌਰੀ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਨਿਤਿਸ਼ ਕੁਮਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਨਾਲ ਜੁੜਣ ਲਈ ਨਿਤਿਸ਼ ਕੁਮਾਰ ਨੂੰ ਬਹੁਤ-ਬਹੁਤ ਵਧਾਈ। ਨਿਤਿਸ਼ ਨੇ ਅਸਤੀਫੇ ਤੋਂ ਬਾਅਦ ਕਿਹਾ ਕਿ 20 ਮਹੀਨੇ ਤਕ ਉਨ੍ਹਾਂ ਨੇ ਗਠਬੰਧਨ ਸਰਕਾਰ ਚਲਾਈ ਅਤੇ ਮੈਂ ਗਠਬੰਧਨ ਧਰਮ ਦਾ ਪਾਲਣ ਕੀਤਾ।ਉਨ੍ਹਾਂ ਨੇ ਕਿਹਾ ਕਿ ਅਸੀਂ ਕਦੀ ਵੀ ਕਿਸੇ ਦਾ ਅਸਤੀਫਾ ਨਹੀਂ ਮੰਗਿਆ ਸੀ, ਅਸੀਂ ਦੋਸ਼ੀਆਂ ’ਤੇ ਸਿਰਫ ਸਫਾਈ ਦੀ ਗਲ ਕਹੀ, ਇਸ ਮਾਹੌਲ ’ਚ ਕੰਮ ਕਰਨਾ ਸੰਭਵ ਨਹੀਂ ਸੀ।ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਦੀ ਰਿਹਾਇਸ਼ ’ਤੇ ਸ਼ਾਮ ਲਗਭਗ 6 ਵਜੇ ਸ਼ੁਰੂ ਹੋਈ ਇਸ ਬੈਠਕ ’ਚ ਪਾਰਟੀ ਦੇ ਸਾਰੇ ਵਿਧਾਇਕ ਮੌਜੂਦ ਹੋਏ।ਸ੍ਰੀ ਨਿਤਿਸ਼ ਕੁਮਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਅੰਤਰ ਆਤਮਾ ਦੀ ਆਵਾਜ਼ ਉਪਰ ਇਹ ਅਸਤੀਫਾ ਦਿੱਤਾ ਹੈ। ਗਠਬੰਧਨ ਦੇ ਦੂਜੇ ਨੇਤਾ ਸ੍ਰੀ ਲਾਲੂ ਪ੍ਰਸ਼ਾਦ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ੍ਰੀ ਨਿਤਿਸ਼ ਨੂੰ ਅਸਤੀਫੇ ਲਈ ਨਹੀਂ ਕਿਹਾ। ਇੱਥੇ ਜ਼ਿਕਰਯੋਗ ਹੈ ਕਿ ਸੀਬੀਆਈ ਵੱਲੋਂ ਇੱਕ ਘਪਲੇ ਸਬੰਧੀ ਸ੍ਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਤੋਂ ਬਾਅਦ ਬਿਹਾਰ ਸਰਕਾਰ ਲਈ ਸੰਕਟ ਪੈਦਾ ਹੋ ਗਿਆ ਸੀ। ਸ੍ਰੀ ਲਾਲੂ ਦੇ ਪੁੱਤਰ ਸ੍ਰੀ ਤੇਜੱਸਵੀ ਬਿਹਾਰ ਸਰਕਾਰ ਵਿੱਚ ਉਪ ਮੁੱਖ ਮੰਤਰੀ ਹਨ। ਉਨ੍ਹਾਂ ਦਾ ਵੀ ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮ ਹੈ। ਸ੍ਰੀ ਨਿਤਿਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਚਾਹੁੰਦੇ ਸਨ ਕਿ ਸ੍ਰੀ ਤੇਜੱਸਵੀ ਅਹੁਦੇ ਤੋਂ ਅਸਤੀਫਾ ਦੇਣ। ਉਨ੍ਹਾਂ ਦੇ ਅਸਤੀਫਾ ਨਾ ਦੇਣ ਕਾਰਨ ਹੀ ਸ੍ਰੀ ਨਿਤਿਸ਼ ਕੁਮਾਰ ਨੇ ਨੈਤਿਕਤਾ ਸਮਝਦੇ ਹੋਏ ਖੁਦ ਅਹੁਦਾ ਤਿਆਗ ਦਿੱਤਾ ਹੈ। ਲਾਲੂ ਨੇ ਭਾਜਪਾ ’ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਨਿਤਿਸ਼ ’ਤੇ ਡੋਰੇ ਪਾ ਰਹੀ ਹੈ। ਪਤਾ ਲੱਗਾ ਹੈ ਕਿ ਆਰਜੇਡੀ, ਜੇਡੀਯੂ ਅਤੇ ਕਾਂਗਰਸ ਦੇ ਵਿਧਾਇਕ ਸ੍ਰੀ ਨਿਤਿਸ਼ ਕੁਮਾਰ ਦੀ ਥਾਂ ਮੁੱਖ ਮੰਤਰੀ ਦੇ ਅਹੁਦੇ ਲਈ ਨਵਾਂ ਨੇਤਾ ਚੁਣਨਗੇ

Send this to a friend