ਸਮਰਾਲਾ, 17 ਅਕਤੂਬਰ (ਕਮਲਜੀਤ)–ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਥਾਨਕ ਪੁੱਡਾ ਕੰਪਲੈਕਸ ਵਿਖੇ ਇਸ ਗੱਲ ‘ਤੇ ਗਹਿਰਾ ਦੁੱਖ ਪ੍ਰਗਟਾਇਆ ਕਿ ਉਹ ਬਹੁਤ ਸ਼ਰਮਸਾਰ ਹਨ ਕਿ ਲੱਖਾਂ ਕੁਰਬਾਨੀਆਂ ਤੋਂ ਬਾਅਦ ਜੋ ਵਸੀਅਤ ਸਾਨੂੰ ਸਾਡੇ ਸ਼ਹੀਦ ਦੇ ਗਏ ਸਨ,

ਅਸੀਂ ਉਨ੍ਹਾਂ ਦੇ ਸਹੀ ਵਾਰਿਸ ਸਾਬਿਤ ਨਹੀਂ ਹੋਏ। ਜਦਕਿ ਅੱਜ 100-100 ਮਣ ਪ੍ਰਤੀ ਏਕੜ ਅਨਾਜ ਦੇਣ ਵਾਲੀ ਧਰਤੀ ਮਾਤਾ ਦੇ ਸਪੂਤ ਵਿਦੇਸ਼ਾਂ ਵਿੱਚ ਰੁਲ਼ ਕੇ ਆਪਣੇ ਪਸੀਨੇ ਦੀ ਠੰਡਕ ਨਾਲ ਗਰਮ ਅਰਬ ਦੇਸ਼ਾਂ ਦੇ ਗਰਮ ਰੇਤੇ ਨੂੰ ਠੰਡਾ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ, ਜੋ ਕਿ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਹੈ, ਇਸ ਆਰਥਿਕ ਸੰਕਟ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਟੇਬਲ ‘ਤੇ ਬੈਠ ਕੇ ਇਸਦਾ ਕੋਈ ਸਿਆਸੀ ਹੱਲ ਲੱਭਣਾ ਚਾਹੀਦਾ ਹੈ, ਜਿਸਦਾ ਇੱਕ ਹੱਲ ਰਾਜ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਵੀ ਹੋ ਸਕਦਾ ਹੈ, ਪਰ ਇਸ ਸੂਬੇ ਦੀ ਹਾਲਤ ਐਨੀ ਡਾਵਾਂਡੋਲ ਹੋ ਚੁੱਕੀ ਹੈ ਕਿ ਪੂੰਜੀ ਨਿਵੇਸ਼ਕ ਜਿਨ੍ਹਾਂ ਨਾਲ ਜੋਗੀਆਂ ਵਾਲਾ ਵਤੀਰਾ ਅਪਣਾਇਆ ਜਾਂਦਾ ਹੈ, ਉਨ੍ਹਾਂ ਨੂੰ ਉਚਿਤ ਸਹੂਲਤਾਂ ਨਹੀਂ ਮਿਲਦੀਆਂ, ਜਿਸ ਤੋਂ ਉਹ ਪੰਜਾਬ ਵਿੱਚ ਸੰਗਰੂਰ ਦੇ ਹਸਪਤਾਲ ਉਦਘਾਟਨ ਲਈ ਰਾਜ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਨੂੰ ਨਹੀਂ ਬੁਲਾਇਆ ਅਤੇ ਕਿਸੇ ਪ੍ਰਾਜੈਕਟ ਦਾ ਇੱਕ ਪਾਸੇ ਦਾ ਉਦਘਾਟਨ ਕੋਈ ਕਰਦਾ ਹੈ ਤੇ ਦੂਜੇ ਪਾਸੇ ਕੋਈ ਹੋਰ ਕਰ ਜਾਂਦ ਹੈ, ਜਦਕਿ ਇਹ ਲੋਕਾਂ ਤੇ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਵੀ ਪ੍ਰਾਜੈਕਟ ਰਾਜ ਵਿੱਚ ਲੱਗਦੇ ਹਨ, ਉਹ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨਾਲ ਉਗਰਾਹੇ ਜਾਣ ਵਾਲੇ ਟੈਕਸਾਂ ਤੋਂ ਲੱਗਦੇ ਹਨ। ਜਦਕਿ ਵਿਦੇਸ਼ਾਂ ਵਿੱਚ ਅਜਿਹੇ ਉਦਘਾਟਨ ਵੇਖਣ ਨੂੰ ਹੀ ਨਹੀਂ ਮਿਲਦੇ, ਜੋ ਕਿ ਭਾਵੇਂ ਸਬੰਧਤ ਦੇਸ਼ ਦੇ ਰਾਸ਼ਟਰਪਤੀ ਨੇ ਹੀ ਕਰਨੇ ਹੁੰਦੇ ਹਨ, ਉਹ ਬਹੁਤ ਹੀ ਸਾਦਗੀ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਮਾਛੀਵਾੜਾ ਬੇਟ ਏਰੀਏ ਦੇ ਆਬਾਦਕਾਰਾਂ ਦਾ ਮਸਲਾ ਉਠਾਉਂਦੇ ਹੋਏ ਕਿਹਾ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਇਨ੍ਹਾਂ ਆਬਾਦਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੇ ਨਾਲ ਖੜੇਗੀ ਤੇ ਉਨ੍ਹਾਂ ਨੂੰ ਹਰ ਹਾਲਤ ਵਿੱਚ ਇੰਨਸਾਫ਼ ਦਿਵਾਇਆ ਜਾਵੇਗਾ। ਸਾਬਕਾ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ 37 ਆਈਟਮਾਂ ‘ਤੇ ਐਡਵਾਂਸ ਟੈਕਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੋਈ ਵੀ ਟੈਕਸ ਕਿਸੇ ਚੀਜ਼ ਦੇ ਵੇਚੇ ਜਾਣ ‘ਤੇ ਲੱਗਦਾ ਹੈ, ਪਰ ਇੱਥੇ ਐਡਵਾਂਸ ਟੈਕਸ ਹੀ ਵਸੂਲੇ ਜਾ ਰਹੇ ਹਨ। ਉਨ੍ਹਾਂ ਇਸ ਗੱਲ ‘ਤੇ ਵੀ ਦੁੱਖ ਪ੍ਰਗਟਾਇਆ ਕਿ ਉਦਯੋਗਿਕ ਮੁਕਾਬਲਿਆਂ ਵਿੱਚੋਂ ਪੰਜਾਬ ਦੇਸ਼ ਦੇ ਹੋਰ ਸੂਬਿਆਂ ਦੇ ਕੰਪੀਟੀਸ਼ੀਨ ਵਿੱਚੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਇੱਥੋਂ ਟਰੱਕ ਬਾਡੀ ਬਿਲਡਰ ਵੀ ਬਾਹਰਲੇ ਸੂਬਿਆਂ ‘ਚ ਜਾ ਰਹੇ ਹਨ। ਲੋਕ ਸਭਾ ਚੋਣਾਂ ਬਾਰੇ ਸ. ਬਾਦਲ ਨੇ ਆਪਣੇ ਪਾਰਟੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਂਝਾ ਮੋਰਚਾ ਕਾਇਮ ਹੈ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਦੇ ਸੁਪਨੇ ਉਨ੍ਹਾਂ ਦੀ ਪਾਰਟੀ ਸਾਕਾਰ ਕਰਨ ਕਰਨ ਦਾ ਹਰ ਸੰਭਵ ਯਤਨ ਪਹਿਲ ਦੇ ਅਧਾਰ ‘ਤੇ ਕਰੇਗੀ।
ਇਸ ਮੌਕੇ ਅਮਰਜੀਤ ਸਿੰਘ ਬਾਲਿਉਂ, ਗੁਰਮੁੱਖ ਸਿੰਘ ਪੂਰਬਾ, ਸੁਜਾਨ ਸਿੰਘ ਮੰਜਾਲੀ, ਸਰਬਜੀਤ ਸਿੰਘ ਮੱਖਣ, ਅਵਤਾਰ ਸਿੰਘ ਰਾਜੇਵਾਲ ਆਦਿ ਨੇ ਵੀ ਸੰਬੋਧਨ ਕੀਤਾ, ਜਦਕਿ ਉਟਾਲਾਂ ਨਿਵਾਸੀ ਬਲਵਿੰਦਰ ਕੁਮਾਰ ਵੱਲੋਂ ਅਕਾਲੀ-ਭਾਜਪਾ ਗਠਜੋੜ ਨੂੰ ਛੱਡ ਕੇ ਪੀਪੀਪੀ ਵਿੱਚ ਸ਼ਾਮਿਲ ਹੋਣ ‘ਤੇ ਸ. ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਸਿਰੋਪਾਓ ਭੇਂਟ ਕਰਕੇ ਕੀਤਾ।