ਕਾਂਗਰਸ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਤੋਂ ਕਰ ਰਹੀ ਹੈ ਟਾਲ-ਮਟੋਲ : ਸਿੱਧੂ

ਭਗਤਾ ਭਾਈ ਕਾ, 23 ਜੁਲਾਈ (ਸਵਰਨ ਸਿੰਘ ਭਗਤਾ)ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਅਸਫਲਤਾ ਤੋਂ ਬਾਅਦ ਮੁੜ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਸਿੱਧੂ ਨੇ ਕਸਬਾ ਭਗਤਾ ਭਾਈ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੀਟਿੰਗ ਦੌਰਾਨ ਬਲਾਕ ਭਗਤਾ ਭਾਈ ਦੇ ਪਾਰਟੀ ਵਰਕਰਾਂ ਨੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਅਤੇ ਮਨਜੀਤ ਸਿੰਘ ਸਿੱਧੂ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ’ਤੇ ਪਾਰਟੀ ਹਾਈਕਮਾ-ਡ ਦਾ ਧੰਨਵਾਦ ਕੀਤਾ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਹੁਣ ਤੱਕ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਦਿਨੋਂ-ਦਿਨ ਬਿਗੜ ਰਹੀ ਹੈ।ਇਸ ਤੋਂ ਇਲਾਵਾ ਹਰ ਰੋਜ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰੀ ਮਜਬੂਤੀ ਨਾਲ ਵਿਰੋਧੀ ਧਿਰ ਦਾ ਰੋਲ ਨਿਭਾਉਂਦੀ ਹੋਈ ਕਾਂਗਰਸ ਸਰਕਾਰ ਨੂੰ ਕਿਸੇ ਪ੍ਰਕਾਰ ਦੀ ਮਾਨਮਾਨੀ ਨਹੀਂ ਕਰਨ ਦੇਵੇਗੀ। ਸ. ਸਿੱਧੂ ਨੇ ਕਿਹਾ ਪਾਰਟੀ ਦੀ ਮਜਬੂਤੀ ਲਈ ਸਾਰੇ ਵਿੰਗਾਂ ਦਾ ਗਠਨ ਕਰਕੇ ਮਿਹਨਤੀ ਵਰਕਰਾਂ ਦਾ ਬਣਦਾ ਮਾਨ-ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਰਾਜਵਿੰਦਰ ਭਗਤਾ, ਕੇਵਲ ਭਗਤਾ, ਅਜੈਬ ਹਮੀਰਗੜ, ਪਾਲ ਸਿੰਘ ਸਾਬਕਾ ਸਰਪੰਚ, ਹਰਬੰਸ ਜਲਾਲ, ਗੁਰਪ੍ਰੀਤ ਹਾਕਮ ਵਾਲਾ, ਜਸਪ੍ਰੀਤ ਰਾਮੂਵਾਲਾ, ਗੁਰਮੀਤ ਮਲੂਕਾ, ਸੋਨੀ ਕੋਠਾਗੁਰੂ, ਅਵਤਾਰ ਤਾਰੀ, ਜਸਪ੍ਰੀਤ ਬੂਟਾ, ਹਰਜਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।

Send this to a friend