ਸਾਦਿਕ, 20 ਜੁਲਾਈ (ਗੁਰਵਿੰਦਰ ਔਲਖ)- ਨਜ਼ਦੀਕੀ ਪਿੰਡ ਬੀਹਲੇਵਾਲਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਦੇ ਖੇਤਾਂ ਵਿਚ ਪਲਟ ਜਾਣ ਕਾਰਨ ਇਸ ਵਿਚ ਸਵਾਰ ਸਾਰੀਆਂ ਹੀ ਸਵਾਰੀਆਂ ਦੇ ਸੱਟਾਂ ਵੱਜਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸੰਧੂ ਬੱਸ ਪੀ ਬੀ 04 ਟੀ 0414 ਜੋ ਸਾਦਿਕ ਤੋਂ ਫ਼ਰੀਦਕੋਟ ਨੂੰ ਜਾ ਰਹੀ ਸੀ ਤੇ ਪਿੰਡ ਬੀਹਲੇਵਾਲਾ ਤੋਂ ਢਾਬ ਸ਼ੇਰ ਸਿੰਘ ਵਾਲਾ ਦੇ ਵਿਚਕਾਰ ਪੈਂਦੇ ਸੇਮ ਨਾਲੇ ਨੇੜੇ ਪੁੱਜੀ ਤਾਂ ਇਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਇਹ ਬੇਕਾਬੂ ਹੇ ਕੇ ਮੀਂਹ ਪੈਣ ਕਾਰਨ ਸੜਕ ਦੀ ਬੀਰਮ ਵਿਚ ਖਾਰ ਪੈ ਗਈ ਸੀ ਤੇ ਇਸ ਦੇ ਉਸ ਟੋਏ ਵਿਚ ਵੱਜ ਜਾਣ ਕਾਰਨ ਇਹ ਝੋਨੇ ਦੇ ਖੇਤਾਂ ਵਿਚ ਪਲਟ ਗਈ। ਇਸ ਵਿਚ 40 ਦੇ ਕਰੀਬ ਸਵਾਰੀਆਂ ਅਤੇ 12 ਸਕੂਲੀ ਵਿਦਿਆਰਥੀ ਸਵਾਰ ਸਨ ਜੋ ਫ਼ਰੀਦਕੋਟ ਜਾ ਰਹੇ ਸਨ ਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਸਵਾਰੀਆਂ ਨੂੰ ਪਿੰਡ ਵਾਸੀਆਂ ਨੇ ਬੱਸ ਦਾ ਵੱਡਾ ਸ਼ੀਸ਼ਾ ਤੋੜ ਕੇ ਬੱਸ ’ਚੋਂ ਬਾਹਰ ਕੱਢਿਆ ਤੇ ਜਿਆਦਾ ਜ਼ਖ਼ਮੀਂਆਂ ਨੂੰ ਫ਼ਰੀਦਕੋਟ ਵਿਖੇ ਇਲਾਜ਼ ਲਈ ਭਰਤੀ ਕਰਵਾਇਆ। ਇਸ ਵੱਡੇ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।