ਅਗਸਤ ਮਹੀਨੇ ਵਿੱਚ ਤਿੰਨ ਵੱਡੀਆਂ ਇਤਿਹਾਸਕ ਕਾਨਫਰੰਸਾਂ ਹੋਣਗੀਆਂ- ਡਾ. ਚੀਮਾ।
ਚੰਡੀਗੜ 20 ਜੁਲਾਈ– ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਕੱਲ ਕੀਤੇ ਗਏ ਫੈਸਲੇ ਅਨੁਸਾਰ ਪੰਜਾਬ ਵਿੱਚ ਹੁਕਮਰਾਨ ਪਾਰਟੀ ਵਲੋਂ ਅਕਾਲੀ-ਭਾਜਪਾ ਵਰਕਰਾਂ ਖਿਲਾਫ ਕੀਤੇ ਜਾ ਰਹੇ ਤਸ਼ਦੱਦ ਅਤੇ ਝੂਠੇ ਕੇਸਾਂ ਨੂੰ ਠੱਲ ਪਾਉਣ ਲਈ ਐਲਾਨੇ ਗਏ 25 ਜੁਲਾਈ ਤੋਂ ਜ਼ਬਰ ਵਿਰੋਧੀ ਲਹਿਰ ਤਹਿਤ ਪਹਿਲੇ ਪੜਾਅ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ 25 ਜੁਲਾਈ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹਨਾ ਵਰਕਰਾਂ ਅਤੇ ਉਹਨਾ ਦੇ ਪਰਿਵਾਰਾਂ ਨੂੰ ਮਿਲਣਗੇ ਜਿਹਨਾਂ ਵਿਰੁੱਧ ਕਾਂਗਰਸੀ ਆਗੁਆਂ ਦੀ ਸ਼ਹਿ ਤੇ ਝੂਠੇ ਕੇਸ ਦਰਜ ਕੀਤੇ ਗਏ ਹਨ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸ. ਬਾਦਲ ਸਾਰਾ ਦਿਨ ਇਸੇ ਵਿਧਾਨ ਸਭਾ ਹਲਕੇ ਵਿੱਚ ਰਹਿਣਗੇ ਅਤੇ ਪਾਰਟੀ ਵਲੋਂ ਸਾਬਕਾ ਮੰਤਰੀ ਅਤੇ ਕੋਰ ਕਮੇਟੀ ਦੇ ਮੈਂਬਰ ਸ. ਸੁੱਚਾ ਸਿੰਘ ਲੰਗਾਹ ਨੂੰ ਇਸ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸੇ ਤਰਾਂ 26 ਜੁਲਾਈ ਨੂੰ ਸ. ਬਾਦਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਗੇ ਅਤੇ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨਗੇ। ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਸ. ਸੇਵਾ ਸਿੰਘ ਸੇਖਵਾਂ ਨੂੰ ਇਸ ਦਿਨ ਦੇ ਪ੍ਰੋਗਰਾਮ ਦੀ ਸਾਰੀ ਜਿੰਮੇਵਾਰੀ ਸੰਭਾਲੀ ਗਈ ਹੈ।
ਡਾ. ਚੀਮਾ ਨੇ ਦੱਸਿਆ ਕਿ 27 ਜੁਲਾਈ ਨੂੰ ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਦੀ ਅਗਵਾਈ ਦੇ ਵਿੱਚ ਹਲਕਾ ਫਤਿਹਗੜ ਚੂੜੀਆਂ ਦੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ 28 ਜੁਲਾਈ ਨੂੰ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਹਲਕੇ ਦੇ ਸਾਰੇ ਵਰਕਰਾਂ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮਿਲਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਹਨਾ ਦੱਸਿਆ ਕਿ ਪਹਿਲੇ ਪੜਾਅ ਦੇ ਆਖਰੀ ਦਿਨੀ 1 ਅਗਸਤ ਨੂੰ ਸ. ਸੁਖਬੀਰ ਸਿੰਘ ਬਾਦਲ ਬਟਾਲਾ ਵਿਧਾਨ ਸਭਾ ਹਲਕੇ ਦੇ ਪਿੰਡਾ ਦਾ ਦੌਰਾ ਕਰਨਗੇ ਅਤੇ ਅਕਾਲੀ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੂੰ ਇਸ ਸਾਰੇ ਦਿਨ ਦੇ ਪ੍ਰੋਗਰਾਮ ਤੈਅ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਪਰੋਕਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਸਤ ਮਹੀਨੇ ਵਿੱਚ ਤਿੰਨ ਵੱਡੀਆਂ ਸਲਾਨਾ ਇਤਿਹਾਸਕ ਕਾਨਫਰੰਸਾਂ ਦੇ ਪ੍ਰੋਗਰਾਮ ਵੀ ਉਲੀਕੇ ਗਏ ਹਨ ਜਿਹਨਾ ਵਿੱਚ 7 ਅਗਸਤ ਨੂੰ ਬਾਬਾ ਬਕਾਲਾ ਦੀ ਰੱਖੜ ਪੁੰਨਿਆਂ ਦੇ ਜੋੜ ਮੇਲੇ ਮੌਕੇ ਹੋਣ ਵਾਲੀ ਕਾਨਫਰੰਸ, 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਜੱਦੀ ਪਿੰਡ ਈਸੜੂ ਵਿਖੇ ਹੋਣ ਵਾਲੀ ਸਲਾਨਾ ਕਾਨਫਰੰਸ ਅਤੇ 20 ਅਗਸਤ ਨੂੰ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਸਲਾਨਾ ਬਰਸੀ ਪਿੰਡ ਲੋਂਗੋਵਾਲ ਵਿਖੇ ਮਨਾਈ ਜਾਵੇਗੀ। ਡਾ. ਚੀਮਾ ਨੇ ਕਿਹਾ ਕਿ ਇਹਨਾ ਕਾਨਫਰੰਸਾਂ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕਿਸਾਨਾ ਨਾਲ ਕੀਤੇ ਗਏ ਵਿਸ਼ਵਾਸ਼ਘਾਤ, ਅਕਾਲੀ-ਭਾਜਪਾ ਆਗੂਆਂ ਵਿਰੁੱਧ ਕੀਤੇ ਜਾ ਰਹੇ ਝੂਠੇ ਕੇਸਾਂ, ਐਸ.ਵਾਈ.ਐਲ ਨਹਿਰ ਦਾ ਮੁੱਦਾ ਅਤੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜਾਰੀ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾ ਕਾਨਫਰੰਸਾਂ ਨੂੰ ਕਾਮਯਾਬ ਕਰਨ ਵਾਸਤੇ ਵੀ ਪਾਰਟੀ ਵੱਲੋਂ ਸਬੰਧਤ ਜ਼ਿਲਿਆਂ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।