ਕਿਸਾਨ ਜੀਐਸਟੀ ਵਿਰੁੱਧ ਐਸਡੀਐਮ ਦਫ਼ਤਰਾਂ ਮੂਹਰੇ ਫੂਕਣਗੇ ਪੁਤਲੇ

ਸੰਗਰੂਰ, 3 ਜੁਲਾਈ (ਹਰਜੀਤ ਸਿੰਘ ਹਸਨਪੁਰੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ 13 ਜੁਲਾਈ ਨੂੰ ਐਸ.ਡੀ.ਐਮ ਦਫ਼ਤਰਾਂ ਅੱਗੇ ਜੀਐਸਟੀ ਦੇ ਵਿਰੋਧ ਵਿੱਚ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ।ਦੋਵੇਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਢਾਈ ਅਤੇ ਪੰਜ ਏਕੜ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਕੀਤੇ ਐਲਾਨ ਨੂੰ ਮੁੱਢੋਂ ਨਕਾਰਦਿਆਂ ਕਿਸਾਨਾਂ ਸਿਰ ਚੜ੍ਹਿਆ ਕੁੱਲ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਪਿਆਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਆਗੂਆਂ ਨਾਲ ਯੂਨੀਅਨ ਦੀ ਸੂਬਾ ਪੱਧਰੀ ਕਮੇਟੀ ਨਾਲ ਹੋਈ ਸੀ। ਦੋਵੇਂ ਜਥੇਬੰਦੀਆਂ ਵੱਲੋਂ ਕਿਸਾਨੀ ਹਿੱਤਾਂ ਨੂੰ ਮੁੱਖ ਰੱਖਦਿਆਂ 13 ਜੁਲਾਈ ਨੂੰ ਕੇਂਦਰ ਵੱਲੋਂ ਲਾਗੂ ਕੀਤੇ ਜੀਐਸਟੀ ਦੇ ਵਿਰੁੱਧ ਐਸਡੀਐਮ ਦਫ਼ਤਰਾਂ ਮੂਹਰੇ ਪੁਤਲੇ ਫੂਕਣ ਦਾ ਫੈਸਲਾ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਭਲਕੇ 3 ਜੁਲਾਈ ਨੂੰ ਦਿੱਲੀ ਵਿੱਚ ਯੋਜਨਾ ਕਮਿਸ਼ਨਰ ਦੇ ਦਫ਼ਤਰ ਅੱਗੇ ਦੇਸ਼ ਦੀਆਂ 62 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਯੂਨੀਅਨ ਨਾਲ ਸਬੰਧਤ ਵੱਡੀ ਤਾਦਾਦ ਵਿੱਚ ਕਿਸਾਨ ਸ਼ਾਮਲ ਹੋਣਗੇ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਸਾੜਨ ’ਤੇ ਲਗਾਈ ਪਾਬੰਦੀ ਨੂੰ ਹਆਉਣ ਲਈ ਜੋ ਦਸਤਖਤੀ ਮੁਹਿੰਮ ਪਿੰਡਾਂ ਵਿੱਚ ਚਲਾਈ ਗਈ ਸੀ।ਮਹਿੰਮ ਤਹਿਤ ਭਰਤੇ ਫਾਰਮ 31 ਜੁਲਾਈ ਨੂੰ ਵੱਡਾ ਇੱਕਠ ਕਰਕੇ ਚੰਡੀਗੜ੍ਹ ਵਿੱਚ ਮੁੱਖਮੰਤਰੀ ਪੰਜਾਬ ਨੂੰ ਸੌਂਪੇ ਜਾਣਗੇ। ਉਨ੍ਹਾਂ ਕਿਸਾਨਾਂ ਦੇ ਕਰਜ਼ੇ ਬਾਰੇ ਸਰਕਾਰ ਦੇ ਐਲਾਨ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਜੋ ਵਾਅਦਾ ਕਾਂਗਰਸ ਵੱਲੋਂ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਕੀਤਾ ਗਿਆ ਸੀ, ਕਾਂਗਰਸ ਸਰਕਾਰ ਨੂੰ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਖੇਤੀਬਾੜੀ ਸੈਕਟਰ ਉਪਰ ਲਗਾਇਆ ਜੀਐਸਟੀ ਲਾਗੂ ਨਾ ਕੀਤਾ ਜਾਵੇ।ਮੀਟਿੰਗ ’ਚ ਯੂਨੀਅਨ ਆਗੂ ਰੋਹੀ ਸਿੰਘ ਮੰਗਵਾਲ, ਕਸ਼ਮੀਰ ਸਿੰਘ ਘਰਾਂਚੋਂ, ਗੁਰਨਾਮ ਸਿੰਘ ਕਾਂਝਲਾ, ਪ੍ਰੀਤਇੰਦਰ ਸਿੰਘ ਗਰੇਵਾਲ, ਨਰੰਜਣ ਸਿੰਘ ਦੋਹਲਾ, ਕਰਮ ਸਿੰਘ ਘਾਬਦਾਂ ਆਦਿ ਨੇ ਵੀ ਸੰਬੋਧਨ ਕੀਤਾ।

Send this to a friend