ਰੂਪਨਗਰ, 28 ਜੂਨ (ਗੁਰਸ਼ਰਨ ਸਿੰਘ ਗੁਲਸ਼ਨ)-ਪਰਲਜ਼ ਗਰੁੱਪ ਦੇ ਮਾਲਕ ਅਤੇ ਉਨ੍ਹਾਂ ਦੇ ਸਕੇ-ਸਬੰਧੀਆਂ ਵੱਲੋਂ ਲੱਖਾਂ ਨਿਵੇਸ਼ਕਾਂ ਨਾਲ 50 ਹਜ਼ਾਰ ਕਰੌੜ ਦੀ ਠੱਗੀ ਮਾਰਨ ਅਤੇ ਲੋਕਾਂ ਦਾ ਪੈਸਾ ਹੁਣ ਤੱਕ ਵਾਪਸ ਨਾ ਕਰਨ ਦੇ ਰੋਸ ਵੱਜੋਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੇਲਾ ਦੀ ਅਨਾਜ ਮੰਡੀ ਵਿੱਚ ਪੰਜਾਬ ਭਰ ਵਿੱਚੋਂ ਇਨਸਾਫ਼ ਦੀ ਅਵਾਜ਼ ਪੰਜਾਬ ਜੱਥੇਬੰਦੀਆਂ ਦੇ ਬੈਨਰ ਹੇਠ ਇਕੱਠੇ ਹੋਏ ਅਤੇ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਰੂਪਨਗਰ ਵਿਖੇ ਪੁਤਲਾ ਫੂਕਿਆ ਗਿਆ। ਇਸ ਮੌਕੇ ਜੱਥੇਬੰਦੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ, ਮਨਦੀਪ ਸਿੰਘ ਕੋਕਲੀ, ਬਲਜੀਤ ਕੌਰ ਸ਼ੇਖਾ ਅਤੇ ਗੁਰਤੇਜ਼ ਸਿੰਘ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਪਰਲਜ਼ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ ਅਤੇ ਉਸ ਦਾ ਭਰਾ ਨਿਛੱਤਰ ਸਿੰਘ ਅਤੇ ਇਨ੍ਹਾਂ ਦੇ ਰਿਸ਼ਤੇਦਾਰ ਅਤੇ ਸਕੇ-ਸਬੰਧੀਆਂ, ਜਿਨ੍ਹਾਂ ਨੇ ਚਿੱਟ ਫੰਡ ਰਾਹੀਂ ਸਮੇਂ ਦੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਨਿਵੇਸ਼ਕਾਂ ਤੋਂ ਲੱਗਭਗ 50 ਹਜ਼ਾਰ ਕਰੋੜ ਰੁਪਏ ਹੜੱਪ ਲਏ ਅਤੇ ਇਨ੍ਹਾਂ ਪੈਸਿਆਂ ਨਾਲ ਬੇ-ਨਾਮੀ ਜ਼ਾਇਦਾਦ ਖਰੀਦੀ ਗਈ ਅਤੇ ਜਿਸ ਕਾਰਨ ਪੀ.ਏ.ਸੀ.ਐਲ ਦੇ ਪੈਸੇ ਨਿਵੇਸ਼ਕਾਂ ਨੂੰ ਨਾ ਮਿਲ ਸਕੇ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਮੌਜ਼ੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਰਲਜ਼ ਗਰੁੱਪ ਦੇ ਮਾਲਕ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪਿਛੋਕੜ ਦੀ ਤਸਦੀਕ ਕੀਤੀ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਭੰਗੂ ਪਰਿਵਾਰ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਨਜ਼ਾਇਜ਼ ਢੰਗ ਨਾਲ ਬਣਾਈ ਗਈ ਜ਼ਮੀਨ ਕਿੰਨੀ ਕੁ ਹੈ। ਇਸ ਮੌਕੇ ਬੁਲਾਰਿਆਂ ਨੇ ਸੂਬਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਸਾਡੇ ਨਾਲ ਵਾਅਦੇ ਕੀਤੇ ਗਏ ਹਨ ਉਹ ਉਨ੍ਹਾਂ ਵਾਅਦਿਆਂ ਤੋਂ ਖਹਿੜਾ ਛੁੱਡਾ ਕੇ ਇਹ ਕਹਿ ਰਹੇ ਹਨ ਕਿ ਪਰਲਜ਼ ਕੰਪਨੀ ਪੰਜਾਬ ਤੋਂ ਰਜਿਸਟਰਡ Ñਨਹੀਂ ਹੈ।ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡਾ ਇਹ ਮਸਲਾ ਪਹਿਲ ਦੇ ਅਧਾਰ ’ਤੇ ਹੱਲ ਨਾ ਕੀਤਾ ਗਿਆ ਤਾਂ ਆਉਂਣ ਵਾਲੇ ਸਮੇਂ ਵਿੱਚ ਪਰਲਜ਼ ਗਰੁੱਪ ਦੇ ਨਿਵੇਸ਼ਕ, ਜਿਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈ, ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਵੱਡਾ ਸੰਘਰਸ਼ ਅਰੰਭਣਗੇ ਅਤੇ ਜਿਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਨਾ ਪੈ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮੌਕੇ ਇਨਸਾਫ਼ ਦੀ ਅਵਾਜ਼ ਪੰਜਾਬ ਦੇ ਉਘੇ ਆਗੂ ਜਗਦੀਪ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਤਰਸੇਮ ਖਾਨ, ਪਰਮਿੰਦਰ ਸਿੰਘ, ਸੁਮੇਸ਼ ਪਠਾਨੀਆਂ, ਗੁਰਸੇਵਕ ਸਿੰਘ ਤੋਂ ਇਲਾਕਾ ਵੱਡੀ ਗਿਣਤੀ ਵਿੱਚ ਨਿਵੇਸ਼ਕ ਹਾਜ਼ਿਰ ਸਨ।