ਭਗਤਾ ਭਾਈ ਕਾ, 28 ਜੂਨ (ਸਵਰਨ ਸਿੰਘ ਭਗਤਾ)-ਭਾਈ ਬਹਿਲੋ ਗੱਤਕਾ ਅਖਾੜਾ ਭਗਤਾ ਭਾਈ ਦੀ ਟੀਮ ਨੇ ਛੱਤੀਸ਼ਗੜ ਵਿਖੇ ਹੋਏ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ। ਇਸ ਉਪਰੰਤ ਗੱਤਕਾ ਅਖਾੜਾ ਟੀਮ ਦਾ ਭਗਤਾ ਭਾਈ ਪਹੁੰਚਣ ’ਤੇ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈ ਦੀ ਪ੍ਰਬੰਧਕੀ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਾਰੀ ਟੀਮ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਸੇਵਾਦਾਰ ਗੁਰਚਰਨ ਸਿੰਘ ਅਤੇ ਬਲਜਿੰਦਰ ਸਿੰਘ ਬਾਬੇਕਾ ਨੇ ਦੱਸਿਆ ਕਿ ਅਵਤਾਰ ਸਿੰਘ ਸਾਹੋਕੇ ਨੇ ਅੱਖਾਂ ’ਤੇ ਨਮਕ ਅਤੇ ਫਿਰ ਟਿਊਬ ਦਾ ਕੱਚ ਪਾਕੇ ਪੱਟੀ ਬੰਨ ਕੇ 45 ਵਿਅਕਤੀਆਂ ਦੇ ਸਿਰ ’ਤੇ ਰੱਖੇ 45 ਤਰਬੂਜ ਸਿਰਫ 28 ਸਕਿੰਟਾਂ ਵਿੱਚ ਘਣ ਨਾਲ ਭੰਨ ਕੇ ਰਿਕਾਰਡ ਬਣਾਇਆ। ਜਦਕਿ ਰਾਹੁਲ ਸਿੰਘ ਭਗਤਾ ਭਾਈ ਨੇ 45 ਸਕਿੱਟਾਂ ਵਿੱਚ 25 ਪੈਪਸੀ ਕੈਨ ਦੰਦਾਂ ਨਾਲ ਪਾੜੇ, ਹਰਵਿੰਦਰ ਸਿੰਘ ਭਗਤਾ ਭਾਈ ਨੇ ਗਲੇ ਨਾਲ ਦੋ ਮੋਟਰ ਸਾਇਕਲ ਰੋਕੇ ਅਤੇ ਸੁਰਿੰਦਰਪਾਲ ਸਿੰਘ ਵਾਸੀ ਮਹਿਲ ਕਲਾਂ ਨੇ ਕੰਨਾਂ ਨਾਲ ਬੰਨ ਕੇ 30 ਮੀਟਰ ਕਾਰ ਖਿੱਚ ਕੇ ਦਿਖਾਈ। ਗੱਤਕਾ ਟੀਮ ਵੱਲੋਂ ਵਰਲਡ ਰਿਕਾਰਡ ਬਣਾਏ ਜਾਣ ਦੀ ਖੁਸ਼ੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਵੱਲੋਂ ਠੰਡੇ ਮਿਠੇ ਜਲ ਦੀ ਛਬੀਲ ਲਗਾਈ ਗਈ ਅਤੇ ਲੱਡੂ ਵੰਡੇ ਗਏ। ਇਸ ਸਮੇਂ ਗੁਰਦੁਆਰਾ ਮਹਿਲ ਸਾਹਿਬ ਦੇ ਪ੍ਰਧਾਨ ਭਾਈ ਜੰਗੀਰ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ, ਖਜਾਨਚੀ ਬਲਜਿੰਦਰ ਸਿੰਘ ਬਾਬੇਕਾ, ਗ੍ਰੰਥੀ ਸੇਵਕ ਸਿੰਘ, ਕਥਾਵਾਚਕ ਹਰਵਿੰਦਰ ਸਿੰਘ, ਸਖਦੇਵ ਸਿੰਘ ਫੌਜੀ, ਕਵੀਸ਼ਰ ਸੁਖਮੰਦਰ ਸਿੰਘ ਹਮਦਰਦ ਆਦਿ ਹਾਜ਼ਰ ਸਨ।