ਬਠਿੰਡਾ, 28 ਜੂਨ ( ਇੰਦਰਜੀਤ ਨਥਾਣਾ)-ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਚਲਾਏ ਜਾ ਰਹੇ ਬਾਲ ਮਜ਼ਦੂਰੀ ਖਾਤਮਾ ਸਪਤਾਹ ਦੌਰਾਨ ਅੱਜ ਬਠਿੰਡਾ ਸ਼ਹਿਰ ਅਤੇ ਭੁਚੋ ਮੰਡੀ ਇਲਾਕਿਆਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੀ ਗਈ ਟੀਮ ਨੇ ਬਠਿੰਡਾ ਇਲਾਕੇ ਦੀ ਮਾਰਕੀਟ, ਮੇਨ ਰੋਡ, ਕਚਹਿਰੀ ਰੋਡ ਅਤੇ ਜੀ.ਟੀ. ਰੋਡ ਨੇੜੇ ਚੈਕਿੰਗ ਕੀਤੀ ਇਸ ਦੌਰਾਨ ਉਨ੍ਹਾਂ ਨੇ ਬਠਿੰਡਾ ਤੋਂ 2 ਬਾਲ ਮਜ਼ਦੂਰਾਂ ਅਤੇ ਭੁਚੋ ਮੰਡੀ ਤੋਂ 2 ਬਾਲ ਮਜ਼ਦੂਰਾਂ ਨੂੰ ਛੁਡਾਇਆ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਇਨ੍ਹਾਂ ਬਾਲ ਮਜ਼ਦੂਰਾਂ ਦੇ ਰੁਜ਼ਗਾਰਦਾਤਾਵਾਂ ਦਾ ਮੌਕੇ ’ਤੇ ਚਲਾਨ ਕੱਟਿਆ ਗਿਆ। ਉਨ੍ਹਾਂ ਦੱਸਿਆਂ ਕਿ ਇਸੇ ਟੀਮ ਵੱਲੋਂ ਭੁਚੋ ਮੰਡੀ ਇਲਾਕੇ ਦੇ ਸ਼ਹਿਰ ਦੀ ਮਾਰਕੀਟ ਅਤੇ ਬੱਸ ਅੱਡੇ ਦੇ ਨੇੜੇ ਚੈਕਿੰਗ ਕੀਤੀ ਗਈ ਜਿਸ ਦੌਰਾਨ 2 ਬੱਚੇ ਮਜ਼ਦੂਰੀ ਕਰਦੇ ਮਿਲੇ ਇਨ੍ਹਾਂ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਅਤੇ ਉਸ ਦੇ ਰੁਜਗਾਰਦਾਤਾ ਦੇ ਖਿਲਾਫ ਮੌਕੇ ’ਤੇ ਚਲਾਨ ਕੱਟਿਆ ਗਿਆ। ਅੱਜ ਚੈਕਿੰਗ ਕਰਨ ਵਾਲੀ ਟੀਮ ’ਚ ਕਿਰਤ ਇਨੀਪੈਕਟਰ ਗਰੇਡ-1 ਬਠਿੰਡਾ ਸ਼੍ਰੀ ਬਲਜੀਤ ਸਿੰਘ ਚੱਠਾ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੋਂ ਸ਼੍ਰੀ ਰਾਜਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਦਫਤਰ ਤੋਂ ਸ੍ਰੀ ਪ੍ਰਦੀਪ ਸਿੰਘ, ਸਿਵਲ ਹਸਪਤਾਲ ਤੋਂ ਡਾ.ਅਰਵਿੰਦਰ ਸਿੰਘ ਅਤੇ ਜ਼ਿਲ੍ਹਾ ਲੋਕ ਸੰਪਰਕ ਦਫਤਰ ਤੋਂ ਸ਼੍ਰੀ ਰਜੇਸ਼ ਕੁਮਾਰ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿਖੇ ਚਾਈਲਡ ਹੈਲਪ ਲਾਈਨ ਟੈਲੀਫੋਨ ਨੰ: 0164-2211287 ਸਥਾਪਿਤ ਕੀਤਾ ਗਿਆ ਹੈ ਜਿਥੇ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣਗੀਆਂ।