ਕਿਸੇ ਅਖਬਾਰ ਵਿੱਚ ਲੱਗੀ ਫੋਟੋ ਭਾਂਵੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇ ਜਾਂ ਫਿਰ ਕਿਸੇ ਸੂਬੇ ਦੇ ਮੁੱਖ ਮੰਤਰੀ ਦੀ ਨਾਲ ਹੀ ਮੋਟੀ ਸੁਰਖੀ ਵਿੱਚ ਲਿਖਿਆ ਹੋਇਆ ਹੁੰਦਾ ਹੈ ਕਿ ਅਸੀਂ ਵਿਕਾਸ ਕਰ ਰਹੇ ਹਾਂ ਜਾਂ ਫਿਰ ਭਾਰਤ ਦੇਸ਼ ਵਿਕਾਸ ਕੀ ਰਾਹ ਪਰ ਹੈ। ਪਰ ਸਾਡੇ ਦੇਸ਼ ਦੀ ਮੰਤਰੀਆਂ ਵਲੋਂ ਦਿੱਤੇ ਜਾ ਰਹੇ ਇਹ ਬਿਆਨ ਅਸਲ ਹਕੀਕਤਾਂ ਤੋਂ ਕੋਹਾਂ ਦੂਰ ਹਨ। ਇੱਕਲੇ ਪੁਲ ਬਣਾ ਦੇਣਾ ਜਾਂ ਸੜਕਾਂ ਬਣਾ ਦੇਣੀਆਂ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ। ਦਿਨ ਪ੍ਰਤੀ ਦਿਨ ਕਿਸਾਨਾਂ ਅਤੇ ਮਜਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਤਨਖਾਹਾਂ ਨੂੰ ਤਰਸਦੇ ਮਲਾਜ਼ਮ, ਥਾਂ ਥਾਂ ਲੱਗਦੇ ਧਰਨੇ, ਦਿਨੋ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਵਿਸ਼ਵ ਰਿਪੋਰਟਾਂ ਅਨੁਸਾਰ ਵੱਧ ਰਹੀ ਗਰੀਬੀ , ਭੁੱਖਮਰੀ ਅਤੇ ਬੇਰੁਜ਼ਗਾਰੀ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਸਾਡਾ ਦੇਸ਼ ਵਿਕਾਸ ਵੱਲ ਨਹੀਂ ਵਿਨਾਸ਼ ਵੱਲ ਦੌੜ ਰਿਹਾ ਹੈ। ਮਨੁੱਖੀ ਵਿਕਾਸ ਰਿਪੋਰਟ ਅਨੁਸਾਰ 2013 ਵਿੱਚ 104 ਦੇਸ਼ਾ ਦੇ 156 ਕਰੋੜ ਜਾਂ ਅਬਾਦੀ ਦਾ 30 ਫੀਸਦੀ ਹਿੱਸਾ ਬਹੁਪੱਖੀ ਗਰੀਬੀ ਰੇਖਾ ਤੋਂ ਪ੍ਰਭਾਵਿਤ ਸੀ। ਭਾਰਤ ’ਚ 30 ਪ੍ਰਤੀਸ਼ਤ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ। ਅਸਲ ਵਿੱਚ ਇਹ ਉਹ ਗਰੀਬ ਹਨ ਜੋ ਸ਼ਹਿਰਾਂ ਵਿੱਚ ਰਹਿ ਕੇ ਰੋਜ਼ਾਨਾ 29 ਰੁਪਏ ਅਤੇ ਪਿੰਡਾਂ ਵਿੱਚ ਰਹਿ ਕੇ 23 ਰੁਪਏ ਰੋਜ਼ਾਨਾ ਕਮਾ ਰਹੇ ਹਨ। ਕੀ 30 ਰੁਪਏ ਤੱਕ ਰੋਜ਼ਾਨਾ ਕਮਾਉਣ ਨਾਲ ਕਿਸੇ ਦੇ ਘਰ ਦਾ ਗੁਜ਼ਾਰਾ ਚੱਲ ਸਕਦਾ ਹੈ? ਭਾਰਤ ਦੇਸ਼ ਵਿੱਚ 60 ਪ੍ਰਤੀਸ਼ਤ ਗਰੀਬ ਲੋਕ ਮੱਧ ਪ੍ਰਦੇਸ਼ , ਬਿਹਾਰ, ਝਾਰਖੰਡ , ਛਤੀਸਗੜ੍ਹ ,ਉੜੀਸਾ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹਨ। ਇੱਕ ਖੋਜ ਸੰਸਥਾ ਅਨੁਸਾਰ ਭਾਰਤ ਵਿਸ਼ਵ ਪੱਧਰ ਤੇ ਭੁੱਖਮਰੀ ਵਿੱਚ 64 ਵੇਂ ਸਥਾਨ ਤੇ ਹੈ। ਤੀਹ ਸਾਲ ਪਹਿਲਾਂ ਇੱਥੇ ਵਿਸ਼ਵ ਦੇ ਗਰੀਬਾਂ ਦਾ ਪੰਜਵਾਂ ਹਿੱਸਾ ਰਹਿੰਦਾ ਸੀ ਤੇ ਹੁਣ ਇੱਕ ਤਿਹਾਈ ਗਰੀਬ ਲੋਕ ਰਹਿੰਦੇ ਹਨ। ਇਸ ਤੋਂ ਸਾਫ ਜਾਹਿਰ ਹੈ ਕਿ 30 ਸਾਲਾਂ ਵਿੱਚ ਪਹਿਲਾਂ ਦੇ ਮੁਕਾਬਲੇ ਗਰੀਬੀ ਵਧੀ ਹੈ। ਦੇਸ਼ ਦੇ 9 ਕਰੋੜ ਕਿਸਾਨ ਪਰਿਵਾਰਾਂ ਵਿੱਚੋਂ ਲਗਭਗ ਪੌਣੇ ਪੰਜ ਕਰੋੜ ਤੋ ਜ਼ਿਆਦਾ ਕਰਜ਼ੇ ਵਿੱਚ ਡੁੱਬੇ ਹੋਏ ਹਨ। ਸੰਸਾਰ ਵਿੱਚ ਸੰਨ 2007 ਵਿੱਚ 88 ਕਰੋੜ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਨਹੀਂ ਮਿਲਦਾ ਸੀ। ਵਿਸ਼ਵ ਸਿਹਤ ਸੰਸਥਾ ਮੁਤਾਬਕ ਭਾਰਤ ਵਿੱਚ ਪੌਣੇ 10 ਕਰੋੜ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਨਹੀਂ ਮਿਲਦਾ। ਜਿਸਦਾ ਮੁੱਖ ਕਾਰਨ ਪਾਣੀ ਬਚਾਉਣ ਅਤੇ ਪਾਣੀ ਦੀ ਸਹੀ ਵਰਤੋਂ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਕੋਈ ਠੋਸ ਨੀਤੀ ਬਣਾਈ ਗਈ ਹੈ। ਜਿਸ ਕਾਰਨ ਸਮੁੰਦਰ ਦਾ 65 ਫੀਸਦੀ ਪਾਣੀ ਸਮੁੰਦਰ ਵਿੱਚ ਚਲਾ ਜਾਂਦਾ ਹੈ। 1992 ਵਿੱਚ 1575 ਵਿਗਿਆਨੀਆਂ ਨੇ ਬਿਆਨ ਜਾਰੀ ਕੀਤਾ ਸੀ ਕਿ ਧਰਤੀ ਅਤੇ ਉਸਦੇ ਜੀਵਨ ਦੀ ਵਿਵਸਥਾ ਜਿਸ ਤਰਾਂ ਦੀ ਹੋ ਰਹੀ ਹੈ ਉਸ ਵਿੱਚ ਵੱਡੇ ਪੱਧਰ ਤੇ ਬਦਲਾਅ ਦੀ ਜਰੂਰਤ ਹੈ ਨਹੀਂ ਤਾਂ ਹੋਰ ਪਸ਼ੂ ਪੰਛੀਆਂ ਦੇ ਨਾਲ ਨਾਲ ਮਨੁੱਖੀ ਹੋਂਦ ਵੀ ਖਤਰੇ ਵਿੱਚ ਪੈ ਸਕਦੀ ਹੈ ਅਤੇ ਧਰਤੀ ਦਾ ਵਿਨਾਸ਼ ਹੋ ਸਕਦਾ ਹੈ। ਵਿਗਿਆਨੀਆਂ ਅਨੁਸਾਰ ਸਮੁੰਦਰ, ਵਣ , ਮਿੱਟੀ ਅਤੇ ਵਾਯੂਮੰਡਲ ਮਨੁੱਖ ਵਲੋਂ ਕੀਤੇ ਜਾ ਰਹੇ ਗੈਰ ਕੁਦਰਤੀ ਵਰਤਾਰੇ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਅਨੇਕਾਂ ਜਾਤੀਆਂ ਅਲੋਪ ਹੋ ਜਾਣਗੀਆਂ ਅਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੁੱਖ ਵਲੋਂ ਕੀਤੇ ਜਾ ਰਹੇ ਗੈਰ ਕੁਦਰਤੀ ਵਰਤਾਰਿਆਂ ਨਾਲ ਹੁਣ ਤੱਕ ਕਿੰਨੀਆਂ ਹੀ ਪਸੂ ਪੰਛੀਆਂ ਸਮੇਤ ਹੋਰ ਕਈ ਜਾਤੀਆਂ ਅਲੋਪ ਹੋ ਵੀ ਰਹੀਆਂ ਹਨ। ਇਸ ਗੱਲ ਦਾ ਮਨੁੱਖੀ ਜੀਵਨ ਤੇ ਵੀ ਕਿੰਨਾਂ ਬੁਰਾ ਪ੍ਰਭਾਵ ਪਿਆ ਹੈ ਇਸ ਗੱਲ ਦਾ ਅੰਦਾਜਾ ਅਸੀਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਬਿਮਾਰੀਆਂ ਅਤੇ ਬਿਮਾਰੀਆਂ ਦਾ ਇਲਾਜ ਨਾ ਕਰਵਾ ਸਕਦੇ ਮਨੁੱਖੀ ਜੀਵਨ ਤੋਂ ਇੱਕ ਬਿਹਤਰ ਅੰਦਾਜਾ ਲਗਾ ਸਕਦੇ ਹਾਂ। ਵਿਕਾਸ ਅਤੇ ਅਤਿਅਧੁਨਿਕਤਾ ਦੇ ਨਾਮ ਤੇ ਇਸ ਮਸ਼ੀਨੀ ਯੁੱਗ ਵਿੱਚ ਵੱਧ ਰਹੀਆਂ ਫੈਕਟਰੀਆਂ, ਕਾਰਖਾਨੇ, ਮੋਬਾਇਲ ਟਾਵਰ, ਗੰਧਲਾ ਹੋ ਰਿਹਾ ਜਮੀਨ ਹੇਠਲਾ ਪਾਣੀ ਜਿਸ ਨਾਲ ਜਾਨਲੇਵਾ ਬਿਮਾਰੀਆਂ ਦਿਨੋਂ ਦਿਨ ਵੱਧ ਰਹੀਆਂ ਹਨ ਇਹ ਗੱਲਾਂ ਸਾਨੂੰ ਵਿਕਾਸ ਵੱਲ ਨਹੀਂ ਵਿਨਾਸ਼ ਵੱਲ ਲੈ ਕੇ ਜਾਣ ਦਾ ਸੰਕੇਤ ਹਨ। ਦਿਨੋਂ ਦਿਨ ਘਟਦਾ ਜਾ ਰਿਹੇ ਵਣ , ਜੰਗਲ, ਰੁੱਖ ਅਤੇ ਉਪਜਾਊ ਜ਼ਮੀਨਾਂ ਆਉਣ ਵਾਲੇ ਸਮੇਂ ਅਤੇ ਆਉਣ ਵਾਲੀਆਂ ਪੀੜੀਆਂ ਲਈ ਕੋਈ ਚੰਗਾ ਸ਼ੰਦੇਸ਼ ਨਹੀਂ ਹੈ। ਜਿੰਨਾ ਚਿਰ ਕਿਸੇ ਵੀ ਦੇਸ਼ ਦੇ ਹਰ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਮਕਾਨ ਦੀ ਪੱਕੀ ਗਾਰੰਟੀ ਨਹੀਂ ਹੈ ਉਦੋਂ ਤੱਕ ਕੀਤਾ ਗਿਆ ਹਰ ਤਰਾਂ ਦਾ ਵਿਕਾਸ ਬੇਕਾਰ ਹੀ ਹੈ। ਜਿੰਨਾ ਚਿਰ ਦੇਸ਼ ਦੇ ਲੋਕ ਆਰਥਿਕ , ਸਰੀਰਕ, ਮਾਨਸਿਕ ਅਤੇ ਸਿੱਖਿਆ ਪੱਖੋਂ ਮਜਬੂਤ ਨਹੀਂ ਹੁੰਦੇ ਉਨੀ ਦੇਰ ਕੀਤਾ ਗਿਆ ਹਰ ਵਿਕਾਸ ਵਿਕਾਸ ਨਹੀਂ ਵਿਨਾਸ਼ ਹੀ ਸਿੱਧ ਹੋਵੇਗਾ।