ਮੀਰਾ ਕੁਮਾਰ ਨੇ ਦਾਖਲ ਕੀਤੀ ਨਾਮਜ਼ਦਗੀ

ਹੁਣ ਤੱਕ ਰਾਮ ਨਾਥ ਕੋਵਿੰਦ ਸਮੇਤ 64 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ

image ਨਵੀਂ ਦਿੱਲੀ, 28 ਜੂਨ (ਪੰਜਾਬ ਟਾਇਮਜ਼ ਬਿਊਰੋ)-  ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਯੂਪੀਏ ਦੀ ਉਮੀਦਵਾਰ ਮੀਰਾ ਕੁਮਾਰ ਨੇ ਪਾਰਲੀਮੈਂਟ ਵਿੱਚ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਅੱਜ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਕ ਸੀ। ਇਸ ਤੋਂ ਪਹਿਲਾਂ  ਐਨਡੀਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ 23 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ  63 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਰਾਸ਼ਟਰਪਤੀ ਪਦ ਲਈ 17 ਜੁਲਾਈ ਨੂੰ ਚੋਣ ਹੋਵੇਗੀ। ਮੀਰਾ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਕਾਂਗਰਸ ਪਾਰਟੀ ਦੇ ਤਮਾਮ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਐਨਸੀਪੀ ਚੀਫ ਸ਼ਰਦ ਪਵਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਸਮੇਤ ਕਈ ਵੱਡੇ ਦਲਾਂ  ਦੇ ਨੇਤਾ ਮੌਜੂਦ ਸਨ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਦੇ ਉਤਮ ਨੇਤਾਵਾਂ ਲਾਲਕ੍ਰਿਸ਼ਣ ਆਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਪ੍ਰਮੁਖ ਨੇਤਾਵਾਂ ਨੇ ਬਿਹਾਰ  ਦੇ ਸਾਬਕਾ ਰਾਜਪਾਲ ਕੋਵਿੰਦ ਦੇ ਨਾਮ ਦਾ ਪ੍ਰਸਤਾਵ ਕੀਤਾ ਸੀ। ਮੀਰਾ ਕੁਮਾਰ ਨਾਮਜ਼ਦਗੀ ਮੌਕੇ ਕਾਂਗਰਸ ਦੇ ਉਘੇ ਆਗੂ ਅਹਿਮਦ ਪਟੇਲ, ਅਸ਼ੋਕ ਗਹਿਲੋਤ, ਸੀਪੀ ਜੋਸ਼ੀ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਰਾਜ ਬੱਬਰ, ਅਸ਼ੋਕ ਤਨਵਰ ਅਤੇ ਦਪਿੰਦਰ ਸਿੰਘ ਹੁੱਡਾ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਡੀ ਰਾਜਾ ਤੇ ਬੀਐਸਪੀ ਦੇ ਆਗੂ ਸਤੀਸ਼ ਮਿਸ਼ਰਾ ਵੀ ਸਮਰਥਨ ਦੇਣ ਵਾਲਿਆਂ ਵਿੱਚ ਸ਼ਾਮਿਲ ਸਨ। ਮੀਰਾ ਕੁਮਾਰ ਪਾਰਲੀਮੈਂਟ ਵਿਖੇ ਮੌਜੂਦ ਸੈਕਟਰੀ ਜਨਰਲ ਦੇ ਦਫਤਰ ਵਿੱਚ ਸਵੇਰੇ 11 ਵਜੇ ਪਹੁੰਚੇ ਅਤੇ ਸਾਢੇ 11 ਵਜੇ ਤੱਕ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਅਹਿਮ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

Send this to a friend