ਸਰਹੱਦ ਨੇੜਿਓ 5 ਕਿਲੋ ਹੈਰੋਇਨ ਬਰਾਮਦ ਕੀਤੀ

ਫ਼ਿਰੋਜ਼ਪੁਰ 26 ਜੂਨ (ਕਪੂਰ) ਪੰਜਾਬ ਵਿੱਚੋਂ ਨਸ਼ਿਆਂ ਦੀ ਰੋਕਥਾਮ ਲਈ ਸਥਾਪਤ ਕੀਤੀ ਐਸ.ਟੀ.ਐਫ, ਕਾਊਟਰ ਇੰਟੈਲੀਜ਼ੈਸ ਅਤੇ ਬੀ.ਐਸ.ਐਫ ਨੇ ਅੱਜ ਕੀਤੇ ਸਾਂਝੇ ਅਪ੍ਰੇਸ਼ਨ ਵਿੱਚ ਸ਼ੱਕ ਦੀ ਬਿਨਾਂ ‘ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੀ ਨਿਸ਼ਾਨ ਦੇਹੀ ‘ਤੇ ਹਿੰਦ ਪਾਕਿ ਕੌਮਾਂਤਰੀ ਸਰਹੱਦ ‘ਤੇ ਫਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਦੋਨਾ ਤੇਲੂ ਮੱਲ ਚੌਕੀ ਏਰੀਆ ਵਿੱਚੋਂ ਜ਼ਮੀਨ ਹੇਠਾਂ ਦੱਬੀ 5 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਗਈ ਹੈ। ਕਾਂਊਟਰ ਇੰਟੈਲੀਜੈਂਸ ਦੇ ਏ.ਆਈ ਜੀ ਨਰਿੰਦਰ ਪਾਲ ਸਿੰਘ ਸਿੱਧੂ, ਡੀ ਆਈ  ਜੀ ਐਸ.ਟੀ.ਐਫ ਕੁਲਦੀਪ ਸਿੰਘ ਸੋਹੀ ਅਤੇ ਸਹਾਇਕ ਕਮਾਂਡੈਂਟ ਬੀ.ਐਸ.ਐਫ ਭੁਪਿੰਦਰ ਸਿੰਘ ਅਨੁਸਾਰ ਕੌਮਾਂਤਰੀ ਸਰਹੱਦ ਤੋਂ ਹੁੰਦੀ ਨਸ਼ਿਆਂ ਦੀ ਤਸਕਰੀ ਦੇ ਚੱਲਦਿਆਂ ਵਰਤੀ ਜਾ ਰਹੀ ਸਖਤੀ ਵਜੋਂ ਐਸ.ਟੀ.ਐਸ ਅਤੇ ਕਾਊਟਰ ਇੰਟੈਲੀਜੈਂਸ ਨੇ ਸਾਂਝੇ ਤੌਰ ‘ਤੇ ਕੀਤੀ ਕਾਰਵਾਈ ਵਿੱਚ ਸ਼ੱਕ ਦੀ ਬਿਨਾਂ ‘ਤੇ ਨੱਥਾ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਝੁੱਗੇ ਕਿਸੋਰ ਵਾਲੇ ਨੂੰ ਕਾਬੂ ਕੀਤਾ ਜਿਸ ਤੋਂ ਕੀਤੀ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ‘ਤੇ ਫ਼ਿਰੋਜ਼ਪੁਰ ਸੈਕਟਰ ਅਧੀਨ ਕੌਮਾਂਤਰੀ ਸਰਹੱਦ ‘ਤੇ ਪੈਦੀ ਚੌਕੀ ਦੋਨਾ ਤੇਲੂ ਮੱਲ ਏਰੀਆ ਵਿੱਚ ਜ਼ਮੀਨ ਹੇਠਾਂ ਲੁਕਾ ਕੇ ਰੱਖੇ 5 ਪੈਕਟ ਹੈਰੋਇਨ ਬਰਾਮਦ ਕੀਤੇ ਹਨ। ਜਿਹਨਾਂ ਦਾ ਵਜ਼ਨ ਇੱਕ ਕਿਲੋ ਪ੍ਰਤੀ ਪੈਕਟ ਹੈ। ਅਧਿਕਾਰੀਆਂ ਦੱਸਿਆ ਕਿ ਫੜੀ ਗਈ ਹੈਰੋਇਨ ਉਕਤ ਵਿਅਕਤੀ ਵੱਲੋਂ ਕੀਤੀ ਜਾਂਦੀ ਨਸ਼ਿਆਂ ਦੀ ਤਸਕਰੀ ਦੇ ਚੱਲਦਿਆਂ ਇਹ ਖੇਪ ਅੱਗੇ ਸਪਲਾਈ ਕਰਨ ਲਈ ਜ਼ਮੀਨ ਹੇਠ ਦੱਬ ਕੇ ਰੱਖੀ ਗਈ ਸੀ। ਅਧਿਕਾਰੀਆਂ ਦੱਸਿਆ ਕਿ ਕਾਬੂ ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Send this to a friend